ਚੰਡੀਗੜ੍ਹ/ ਨਵੀਂ ਦਿੱਲੀ : ਕਾਂਗਰਸ ਪਾਰਟੀ ਨੇ ਆਪਣੇ ਪੰਜਾਬ ਇੰਚਾਰਜ ਨੂੰ ਬਦਲ ਦਿੱਤਾ ਹੈ। ਹਰੀਸ਼ ਰਾਵਤ ਦੀ ਥਾਂ ਹੁਣ ਹਰੀਸ਼ ਚੌਧਰੀ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਗਾਇਆ ਗਿਆ ਹੈ। ਹਰੀਸ਼ ਚੌਧਰੀ ਨੂੰ ਪਾਰਟੀ ਨੇ ਚੰਡੀਗੜ੍ਹ ਦੀ ਜ਼ਿੰਮੇਵਾਰੀ ਵੀ ਸੌਂਪੀ ਹੈ।
ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਕਾਂਗਰਸ ਦੇ ਮਸਲਿਆਂ ਨੂੰ ਨਿਪਟਾਉਣ ਲਈ ਕਾਂਗਰਸ ਹਾਈਕਮਾਂਡ ਵੱਲੋਂ ਹਰੀਸ਼ ਚੌਧਰੀ ਨੂੰ ਵੀ ਭੇਜਿਆ ਜਾਂਦਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਹਰੀਸ਼ ਰਾਵਤ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਇੰਚਾਰਜ ਦੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਦੇ ਸਨ, ਇਸ ਲਈ ਉਹ ਕਈ ਵਾਰ ਹਾਈਕਮਾਂਡ ਨੂੰ ਅਪੀਲ ਵੀ ਕਰ ਚੁੱਕੇ ਸਨ। ਉਤਰਾਖੰਡ ਚੋਣਾਂ ਵਿੱਚ ਰੁਝੇਵਿਆਂ ਦੇ ਕਾਰਨ ਉਹ ਵਾਰ-ਵਾਰ ਪੰਜਾਬ ਕਾਂਗਰਸ ਦੇ ਮਸਲੇ ਨਿਪਟਾਉਣ ਨਹੀਂ ਆ ਸਕਦੇ ਸਨ।
ਪਾਰਟੀ ਦੇ ਸੀਨੀਅਰ ਆਗੂ ਅਤੇ ਉੱਤਰਾਖੰਡ ਦੇ ਸਾਬਕਾ ਮੁਖ ਮੰਤਰੀ ਹਰੀਸ਼ ਰਾਵਤ ਪਿਛਲੇ ਸਾਲ ਸਤੰਬਰ ਮਹੀਨੇ ਤੋਂ ਪੰਜਾਬ ਕਾਂਗਰਸ ਦੇ ਇੰਚਾਰਜ ਦੀ ਜਿੰਮੇਵਾਰੀ ਨਿਭਾ ਰਹੇ ਸਨ। ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਵਿਚ ਹਰੀਸ਼ ਰਾਵਤ ਦੀ ਅਹਿਮ ਭੂਮਿਕਾ ਰਹੀ ਹੈ।