ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਖਿਲਾਫ ਦਿੱਤੇ ਜਾ ਰਹੇ ਹਰੇਕ ਬਿਆਨ ‘ਤੇ ਸਖ਼ਤ ਪ੍ਰਤੀਕਿਰਿਆ ਦੇ ਰਹੇ ਹਨ। ਕੈਪਟਨ ਨੇ ਕੈਬਨਿਟ ਮੰਤਰੀ ਪਰਗਟ ਸਿੰਘ ਵੱਲੋਂ ਦਿਤੇ ਇੱਕ ਬਿਆਨ ‘ਤੇ ਪਲਟਵਾਰ ਕੀਤਾ ਹੈ।
ਵੀਰਵਾਰ ਨੂੰ ਕੈਬਨਿਟ ਮੰਤਰੀ ਪਰਗਟ ਸਿੰਘ ਵੱਲੋਂ ਕੈਪਟਨ ਦੇ ਵਿਰੁੱਧ ਇੱਕ ਬਿਆਨ ਦਿੱਤਾ ਗਿਆ ਸੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਕੈਪਟਨ ਬੀਜੇਪੀ ਦੇ ਨਾਲ ਰਲੇ ਹੋਏ ਹਨ। ਇਸ ਦੇ ਨਾਲ ਹੀ ਪਰਗਟ ਸਿੰਘ ਨੇ ਕਿਹਾ ਸੀ ਕਿ ‘ਕੈਪਟਨ ਵੱਲੋਂ ਅਮਿਤ ਸ਼ਾਹ ਨਾਲ ਕੀਤੀ ਗਈ ਮੁਲਾਕਾਤ ਤੋਂ ਬਾਅਦ ਹੀ ਝੋਨੇ ਦੀ ਖ਼ਰੀਦ ਅੱਗੇ ਪਾਈ ਗਈ ਸੀ ਅਤੇ ਹੁਣ ਪੰਜਾਬ ਵਿੱਚ ਬੀਐਸਐਫ ਦੇ ਅਧਿਕਾਰ ਖੇਤਰ ਨੂੰ 50 ਕਿਲੋਮੀਟਰ ਤਕ ਕਰ ਦਿੱਤਾ ਗਿਆ..।’
ਪਰਗਟ ਸਿੰਘ ਦੇ ਇਸ ਬਿਆਨ ‘ਤੇ ਕੈਪਟਨ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ ਅਤੇ ਨਾਲ ਹੀ ਨਵਜੋਤ ਸਿੱਧੂ ‘ਤੇ ਵੀ ਤੰਜ਼ ਕੱਸਿਆ ਹੈ।
‘This is the height of irresponsibility from a state minister. You and @sherryontopp are clearly birds of the same feather, with nothing better to do than cook up ridiculous stories for cheap publicity.’: @capt_amarinder to Pargat Singh @INCPunjab @INCIndia https://t.co/DUO1bh9hb3
— Raveen Thukral (@Raveen64) October 14, 2021
ਰਵੀਨ ਠੁਕਰਾਲ ਵੱਲੋਂ ਕੀਤੇ ਗਏ ਟਵੀਟ ਵਿੱਚ ਕੈਪਟਨ ਨੇ ਕਿਹਾ ਹੈ ਕਿ ‘ਇਹ ਬਿਆਨ ਰਾਜ ਦੇ ਮੰਤਰੀ ਦੀ ਗੈਰ-ਜ਼ਿੰਮੇਵਾਰੀ ਦਾ ਸਿਖ਼ਰ ਹੈ। ਤੁਸੀਂ ਅਤੇ ਨਵਜੋਤ ਸਿੰਘ ਸਿੱਧੂ ਸਪਸ਼ਟ ਤੌਰ ‘ਤੇ ਇੱਕੋ ਝੁੰਡ ਦੇ ਪੰਛੀ ਹੋ। ਤੁਹਾਡੇ ਦੋਵਾਂ ਦੀਆਂ ਅਜਿਹੀਆਂ ਹਾਸੋਹੀਣੀਆਂ ਕਹਾਣੀਆਂ ਸਸਤੇ ਪ੍ਰਚਾਰ ਤੋਂ ਜ਼ਿਆਦਾ ਕੁਝ ਨਹੀਂ ਹਨ।’
ਸਾਬਕਾ ਮੁੱਖ ਮੰਤਰੀ ਵੱਲੋਂ ਇਸ ਟਵੀਟ ਵਿੱਚ ਪੰਜਾਬ ਕਾਂਗਰਸ ਅਤੇ ਰਾਸ਼ਟਰੀ ਕਾਂਗਰਸ ਨੂੰ ਵੀ ਟੈਗ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਸਮੇਂ ਕਾਂਗਰਸ ਹਾਈ ਕਮਾਨ ਨਾਲ ਮੁਲਾਕਾਤ ਕਰਨ ਲਈ ਦਿੱਲੀ ਪਹੁੰਚੇ ਹੋਏ ਹਨ।