ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ): ਨਿਊਯਾਰਕ ਸਿਟੀ ਦੇ ਇੱਕ ਬੀਚ ‘ਤੇ ਵੀਰਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਕਰਕੇ ਇੱਕ 13 ਸਾਲਾਂ ਲੜਕੇ ਦੀ ਮੌਤ ਹੋ ਗਈ।
ਪੁਲਿਸ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊਯਾਰਕ ਦੇ ਬ੍ਰੋਂਕਸ ਵਿਚਲੇ ਓਰਚਾਰਡ ਬੀਚ ‘ਤੇ ਵੀਰਵਾਰ ਸ਼ਾਮ ਨੂੰ 5 ਵਜੇ ਦੇ ਕਰੀਬ ਤੂਫਾਨ ਦੇ ਚਲਦਿਆਂ ਲਗਭਗ 7 ਲੋਕਾਂ ‘ਤੇ ਅਸਮਾਨੀ ਬਿਜਲੀ ਡਿੱਗੀ। ਇਸ ਹਾਦਸੇ ਕਾਰਨ ਸੱਤ ਲੋਕਾਂ ਵਿੱਚੋਂ ਇੱਕ 13 ਸਾਲਾਂ ਲੜਕੇ ਕਾਰਲੋਸ ਰਾਮੋਸ ਦੀ ਜੈਕੋਬੀ ਮੈਡੀਕਲ ਸੈਂਟਰ ਵਿੱਚ ਮੌਤ ਹੋ ਗਈ। ਅਸਮਾਨੀ ਬਿਜਲੀ ਦੇ ਸ਼ਿਕਾਰ ਲੋਕਾਂ ਵਿੱਚੋਂ ਇੱਕ 13 ਸਾਲਾਂ ਲੜਕੀ ਸਟੈਸੀ ਸਾਲਦੀਵਰ ਨੇ ਦੱਸਿਆ ਕਿ ਇੱਕ ਬਹੁਤ ਵੱਡੀ ਬਿਜਲੀ ਉਸਦੇ ਸਾਹਮਣੇ ਆਈ, ਜਿਸ ਕਾਰਨ ਉਸਦੇ ਮੂੰਹ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਫਿਰ ਜਦੋਂ ਉਹ ਹੋਸ਼ ਵਿੱਚ ਆਈ ਤਾਂ ਉਹ ਐਂਬੂਲੈਂਸ ਵਿੱਚ ਸੀ। ਇਸ ਬਿਜਲੀ ਦੇ ਸ਼ਿਕਾਰ ਹੋਰ ਲੋਕਾਂ ਵਿੱਚ ਇੱਕ 41 ਸਾਲਾ ਆਦਮੀ, ਇੱਕ 33 ਸਾਲਾ ਔਰਤ , 14 ਅਤੇ 5 ਸਾਲ ਦੇ ਦੋ ਲੜਕੇ ਤੇ ਇੱਕ 12 ਸਾਲਾਂ ਲੜਕੀ ਸ਼ਾਮਲ ਸੀ।