ਨਿਊਜ਼ ਡੈਸਕ : ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਦੋ ਵੱਡੇ ਬੰਬ ਧਮਾਕੇ ਹੋਏ ਹਨ। ਇੱਥੇ ਫੌਜ ਦੀ ਇੱਕ ਬੱਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ‘ਤੇ ਬੰਬ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ 14 ਜਵਾਨਾਂ ਦੀ ਮੌਤ ਹੋ ਗਈ ਹੈ। ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਹਮਲੇ ਵਿੱਚ 3 ਲੋਕ ਜਖ਼ਮੀ ਵੀ ਹੋਏ ਹਨ।
ਘਟਨਾ ਵਾਲੀ ਥਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਫੌਜ ਦੀ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ। ਜਾਣਕਾਰੀ ਮੁਤਾਬਕ ਜਦੋਂ ਫੌਜ ਦੀ ਬੱਸ ਇੱਥੋਂ ਲੰਘ ਰਹੀ ਸੀ, ਉਦੋਂ ਸੜਕ ਕੰਢੇ ਦੋ ਧਮਾਕੇ ਹੋਏ।
ਰਿਪੋਰਟਾਂ ‘ਚ ਦੱਸਿਆ ਜਾ ਰਿਹਾ ਹੈ ਕਿ ਘਟਨਾ ਸਵੇਰੇ ਦੇ ਸਮੇਂ ਵਾਪਰੀ ਜਦੋਂ ਲੋਕ ਆਪਣੇ ਦਫਤਰ ਅਤੇ ਸਕੂਲਾਂ ਵੱਲ ਜਾ ਰਹੇ ਸਨ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਜਦੋਂ ਬਸ ਹਾਫੇਜ ਅਲ-ਅਸਦ ਪੁੱਲ ਤੋਂ ਜਾ ਰਹੀ ਸੀ, ਉਦੋਂ ਦੋ ਧਮਾਕੇ ਹੋਏ, ਜਦਕਿ ਇੱਕ ਤੀਜਾ ਬੰਬ ਫੌਜ ਦੀ ਇੰਜੀਨਿਅਰਿੰਗ ਯੂਨਿਟ ਨੇ ਡਿਫਿਊਜ਼ ਕਰ ਦਿੱਤਾ। ਜਿਸ ਕਾਰਨ ਹੋਰ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਅਧਿਕਾਰੀਆਂ ਵਲੋਂ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਗਿਆ ਹੈ।