ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੇ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਦਫਤਰ ਨੂੰ ਬੀਐੱਮਸੀ ਵੱਲੋਂ ਨੁਕਸਾਨੇ ਜਾਣ ‘ਤੇ ਦੋ ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ। ਜਿਸ ਨੂੰ ਬੀਐੱਮਸੀ ਨੇ ਬੇਬੁਨਿਆਦ ਦੱਸਿਆ ਹੈ। ਬੀਐੱਮਸੀ ਨੇ ਬੰਬੇ ਹਾਈਕੋਰਟ ਵਿੱਚ ਇੱਕ ਹਲਫ਼ਨਾਮਾ ਦਾਇਰ ਕਰਕੇ ਕੰਗਨਾ ਰਨੌਤ ਦੀ ਮੁਆਵਜ਼ੇ ਵਾਲੀ ਪਟੀਸ਼ਨ ਨੂੰ ਬੇਬੁਨਿਆਦ ਅਤੇ ਫਰਜ਼ੀ ਦੱਸਿਆ ਹੈ। ਹਲਫਨਾਮੇ ‘ਚ ਬੀਐੱਮਸੀ ਨੇ ਦਾਅਵਾ ਕੀਤਾ, ਕਿ ਇਸ ਪਟੀਸ਼ਨ ਵਿੱਚ ਕੋਈ ਤੱਥ ਨਹੀਂ ਹੈ। ਅਸੀਂ ਸਿਰਫ ਗੈਰ ਕਾਨੂੰਨੀ ਢਾਂਚੇ ਨੂੰ ਹੀ ਤੋੜਿਆ ਹੈ।
9 ਸਤੰਬਰ ਨੂੰ ਬੀਐਮਸੀ ਨੇ ਬਾਂਦਰਾ ਵਿੱਚ ਕੰਗਨਾ ਰਨੌਤ ਦੇ ਦਫਤਰ ਦੇ ਇੱਕ ਹਿੱਸੇ ਨੂੰ ਗੈਰਕਨੂੰਨੀ ਦੱਸਦੇ ਹੋਏ ਤੋੜ ਦਿੱਤਾ ਸੀ। ਇਸ ਤੋਂ ਬਾਅਦ ਹਾਈਕੋਰਟ ਨੇ ਬੀਐੱਮਸੀ ਦੀ ਕਾਰਵਾਈ ‘ਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ ਸੀ। ਪਰ ਉਦੋਂ ਤੱਕ ਬੀਐਮਸੀ ਨੇ ਰਨੌਤ ਦੇ ਦਫਤਰ ਦੇ ਬਹੁਤੇ ਹਿੱਸੇ ਨੂੰ ਤੋੜ ਦਿੱਤਾ ਸੀ।
ਇਸ ਤੋਂ ਬਾਅਦ ਕੰਗਨਾ ਰਨੌਤ ਨੇ ਬੀਐਮਸੀ ਖਿਲਾਫ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ, ਕਿ ਨੁਕਸਾਨੇ ਗਏ ਦਫ਼ਤਰ ਦਾ ਬਣਦਾ ਦੋ ਕਰੋੜ ਰੁਪਏ ਮੁਆਵਜ਼ਾ ਬੀਐੱਮਸੀ ਦੇਵੇ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 22 ਸਤੰਬਰ ਨੂੰ ਹੋਣੀ ਹੈ।