ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਬੁੱਧਵਾਰ ਨੂੰ ਇੱਕ ਵੱਡਾ ਆਕਸੀਜਨ ਸਿਲੰਡਰ ਫਟਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਪੰਜ ਲੋਕ ਜ਼ਖਮੀ ਵੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਾਲੀ ਥਾਂ ਦਾ ਮੰਜ਼ਰ ਦਿਲ ਦਹਿਲਾਉਣ ਵਾਲਾ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪਲਾਂਟ ਦੀ ਛੱਤ ਉੱਡ ਗਈ। ਇਹ ਘਟਨਾ ਚਿਨਹਾਟ ਦੇ ਕੇਟੀ ਆਕਸੀਜਨ ਪਲਾਂਟ ਵਿਚ ਉਸ ਸਮੇਂ ਵਾਪਰੀ ਜਦੋਂ ਜੰਬੋ ਸਿਲੰਡਰ ਵਿੱਚੋਂ ਰਿਫਿਲੰਗ ਕੀਤੀ ਜਾ ਰਹੀ ਸੀ ।
ਘਟਨਾ ਬਾਰੇ ਏਸੀਪੀ ਪਰਵੀਨ ਮਲਿਕ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਰਿਫਿਲਿੰਗ ਦੌਰਾਨ ਗੈਸ ਲੀਕ ਹੋਈ, ਜਿਹੜੀ ਧਮਾਕੇ ਦਾ ਕਾਰਨ ਬਣੀ । ਮ੍ਰਿਤਕਾਂ ਦੀ ਸ਼ਨਾਖ਼ਤ ਪਲਾਂਟ ਦੇ ਇੱਕ ਕਰਮਚਾਰੀ ਅਤੇ ਦੂਜਾ ਉਹ ਜਿਹੜਾ ਸਿਲੰਡਰ ਰਿਫਿਲ ਕਰਵਾਉਣ ਆਇਆ ਸੀ, ਇਕ ਹੋਰ ਵਿਅਕਤੀ ਦੀ ਸ਼ਨਾਖਤ ਕੀਤੀ ਜਾਣੀ ਬਾਕੀ ਹੈ ।
ਪ੍ਰਤੱਖਦਰਸ਼ੀਆਂ ਅਨੁਸਾਰ ਹਾਦਸੇ ਤੋਂ ਪਹਿਲਾਂ ਵੱਡੀ ਗਿਣਤੀ ਲੋਕ ਪਲਾਂਟ ਤੋਂ ਬਾਹਰ ਆਕਸੀਜਨ ਸਿਲੰਡਰ ਭਰਾਉਣ ਲਈ ਲਾਈਨ ਵਿੱਚ ਲੱਗੇ ਹੋਏ ਸਨ ਕਿ ਅਚਾਨਕ ਧਮਾਕਾ ਹੋ ਗਿਆ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਪ੍ਰਸ਼ਾਸਨ ਨੇ ਹਾਦਸੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਦੱਸ ਦਈਏ ਕਿ ਉਤਰ ਪ੍ਰਦੇਸ਼ ਵਿਚ ਕੋਰੋਨਾ ਕਾਰਨ 14 ਲੱਖ ਦੇ ਕਰੀਬ ਲੋਕੀ ਪ੍ਰਭਾਵਿਤ ਹੋਏ ਹਨ, ਇਨ੍ਹਾਂ ਵਿੱਚੋਂ ਕਰੀਬ 11 ਲੱਖ ਲੋਕ ਸਿਹਤਯਾਬ ਹੋ ਚੁੱਕੇ ਹਨ। 13798 ਲੋਕਾਂ ਦੀ ਜਾਨ ਕੋਰੋਨਾ ਕਾਰਨ ਜਾ ਚੁੱਕੀ ਹੈ ।