ਵਾਸ਼ਿੰਗਟਨ : ਅਮਰੀਕਾ ‘ਚ ‘ਬਲੈਕ ਲਿਵਜ਼ ਮੈਟਰ’ ਦੇ ਤਹਿਤ ਪ੍ਰਦਰਸ਼ਨਕਾਰੀਆਂ ਵੱਲੋਂ ਬਾਲਟੀਮੋਰ ਦੇ ਇਕ ਪਾਰਕ ‘ਚ ਦੇਸ਼ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੇ ਬੁੱਤ ਨੂੰ ਲਾਲ ਰੰਗ ਲਗਾ ਕੇ ਨੁਕਸਾਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਰਜ ਵਾਸ਼ਿੰਗਟਨ ਦੇ ਬੁੱਤ ‘ਤੇ ‘ਨਸਲਵਾਦੀਆਂ ਨੂੰ ਖਤਮ ਕਰੋ’ ਲਿਖਿਆ ਗਿਆ ਹੈ। ਉਥੇ ਹੀ ਨਿਊਯਾਰਕ ਦੇ ਵਿਸ਼ਵ ਪ੍ਰਸਿੱਧ ‘ਦਿ ਅਮੈਰੀਕਨ ਮਿਊਜ਼ੀਅਮ ਆਫ ਨੈਚੁਰਲ ਹਿਸਟਰੀ’ ਦੀ ਐਂਟਰੀ ‘ਚ ਲੱਗੀ ਥੀਓਡੋਰ ਰੂਜ਼ਵੈਲਟ ਦੇ ਬੁੱਤ ਨੂੰ ਵੀ ਹਟਾਉਣ ਦਾ ਫੈਸਲਾ ਲਿਆ ਗਿਆ ਹੈ।
‘ਬਾਲਟੀਮੋਰ ਸਨ’ ਦੀ ਖਬਰ ਅਨੁਸਾਰ ਉੱਤਰ ਪੱਛਮੀ ਬਾਲਟਿਮੋਰ ‘ਚ ਡਰਿਊਡ ਹਿੱਲ ਪਾਰਕ ‘ਚ ਲੱਗੀ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੇ ਬੁੱਤ ‘ਤੇ ਨਸਲੀਵਾਦੀ ਟਿੱਪਣੀ ਲਿਖੀ ਗਈ ਹੈ ਅਤੇ ਬੁੱਤ ਦੇ ਬਿਲਕੁਲ ਹੇਠ ‘ਬਲੈਕ ਲਿਵਜ਼ ਮੈਟਰ’ ਅੰਦੋਲਨ ਲਈ ਲੋਕਾਂ ਦੇ ਦਸਤਖਤ ਹਨ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਬੁੱਤ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ।
ਇਸ ਦੇ ਨਾਲ ਹੀ ਨਿਊਯਾਰਕ ਦੇ ‘ਦਿ ਅਮੈਰੀਕਨ ਮਿਊਜ਼ੀਅਮ ਆਫ ਨੈਚੁਰਲ ਹਿਸਟਰੀ’ ਦੀ ਐਂਟਰੀ ‘ਚ ਲੱਗੀ ਦੇਸ਼ ਦੇ 26ਵੇਂ ਰਾਸ਼ਟਰਪਤੀ ਰੂਜ਼ਵੈਲਟ ਦੇ ਬੁੱਤ ਨੂੰ ਵੀ ਹਟਾਉਣ ਦਾ ਫੈਸਲਾ ਲਿਆ ਗਿਆ ਹੈ। ਮੇਅਰ ਬਿਲ ਬਲਾਸਿਓ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਨੂੰ ਹਟਾਉਣ ਦੀ ਮੰਗ ਕਾਫੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਰੂਜ਼ਵੈਲਟ ਦਾ ਬੁੱਤ ਅਫਰੀਕੀ ਮੂਲ ਦੇ ਲੋਕਾਂ ਨੂੰ ਨਸਲੀ ਤੌਰ ‘ਤੇ ਹੀਣ ਦਿਖਾਉਂਦੀ ਹੈ। ਅਜਾਇਬ ਘਰ ਦੇ ਪ੍ਰਧਾਨ ਏਲੇਨ ਫਿਟਰ ਨੇ ਕਿਹਾ ਕਿ ਇਹ ਫੈਸਲਾ ਜਾਰਜ ਫਲਾਇਡ ਦੀ ਹੱਤਿਆ ਤੋਂ ਬਾਅਦ ਨਸਲੀ ਚਿੰਨ੍ਹਾਂ ਦੇ ਵਿਰੋਧ ਦੇ ਮੱਦੇਨਜ਼ਰ ਲਿਆ ਗਿਆ ਹੈ।