ਪਟਿਆਲਾ: ਰਾਜਪੁਰਾ ‘ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਵੀ ਆਪਣੇ ਧਰਨੇ ‘ਚ ਤਬਦੀਲੀ ਕੀਤੀ ਹੈ। ਬੀਕੇਯੂ ਉਗਰਾਹਾਂ ਨੇ ਰੇਲਵੇ ਟਰੈਕ ਤੋਂ ਧਰਨਾ ਚੁੱਕ ਕੇ ਥਰਮਲ ਪਲਾਂਟ ਦੇ ਗੇਟ ਮੂਹਰੇ ਲਗਾ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਰਾਜਪੁਰਾ ਥਰਮਲ ਪਲਾਂਟ ਨੂੰ ਜਾਂਦੀ ਰੇਲਵੇ ਲਾਈਨ ਮੱਲੀ ਹੋਈ ਸੀ।
ਕਿਸਾਨਾਂ ਜਥੇਬੰਦੀ ਨੇ ਕਿਹਾ ਕਿ ਕੇਂਦਰ ਸਰਕਾਰ ਜਦੋਂ ਤੱਕ ਖੇਤੀਬਾੜੀ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤਕ ਰਾਜਪੁਰਾ ਥਰਮਲ ਪਲਾਂਟ ਨਾਭਾ ਅਤੇ ਮਾਨਸਾ ਦੇ ਥਰਮਲ ਪਲਾਂਟ ਦੇ ਗੇਟਾਂ ਬਾਹਰ ਪੱਕਾ ਮੋਰਚਾ ਜਾਰੀ ਰਹੇਗਾ।
ਮਾਨਸਾ ‘ਚ ਬੀਕੇਯੂ ਉਗਰਾਹਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਰੇਲਵੇ ਟਰੈਕ ਤੋਂ ਧਰਨਾ ਇਸ ਕਰਕੇ ਚੁੱਕਿਆ ਹੈ ਕਿਉਂਕਿ ਪੰਜਾਬ ਦੇ ਵਿੱਚ ਤਿਉਹਾਰਾਂ ਦੇ ਦਿਨ ਸ਼ੁਰੂ ਹੋ ਗਏ ਹਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਪੰਜਾਬ ਵਿਚ ਖਾਦ ਤੇ ਯੂਰੀਆ ਦੀ ਜ਼ਰੂਰਤ ਹੈ ਇਸ ਕਰਕੇ ਮਾਲ ਗੱਡੀਆਂ ਨੂੰ ਨਹੀਂ ਰੋਕਿਆ ਜਾਵੇਗਾ।