ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਵਿਚਾਲੇ ਗੱਠਜੋੜ ਟੁੱਟਣ ਤੋਂ ਬਾਅਦ ਭਾਜਪਾ ਨੇ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਨ ਦਾ ਦਾਅਵਾ ਕੀਤਾ ਹੈ। ਜਿਸ ‘ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਬੀਜੇਪੀ ਸ਼ੁਰੂ ਤੋਂ ਹੀ ਪੰਜਾਬ ‘ਚ ਇਕੱਲੀ ਚੋਣ ਲੜਨ ਦੀ ਚਾਹਵਾਨ ਸੀ। ਜੋ ਹੁਣ ਉਹਨਾਂ ਦੀ ਚਾਹਤ ਪੂਰੀ ਹੋ ਜਾਵੇਗੀ। ਇਸ ਦੇ ਨਾਲ ਹੀ ਬਾਦਲ ਨੇ ਕਿਹਾ ਕਿ ਬੀਜੇਪੀ ਵੱਲੋਂ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਨ ਦਾ ਐਲਾਨ ਕਰਨਾ ਉਹਨਾਂ ਦਾ ਲੋਕਤੰਤਰ ਅਧਿਕਾਰ ਹੈ।
ਬੀਜੇਪੀ ਨੇ ਵਿਧਾਨ ਸਭਾ ਦੀਆਂ 117 ਸੀਟਾਂ ‘ਤੇ ਚੋਣ ਲੜਨ ਦਾ ਫੈਸਲਾ ਲਿਆ ਹੈ। ਜਿਸ ਨੂੰ ਦੇਖਦੇ ਹੋਏ ਬੀਜੇਪੀ ਵੱਲੋਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। 19 ਨਵੰਬਰ ਨੂੰ 10 ਜ਼ਿਲ੍ਹਿਆਂ ‘ਚ ਬੀਜੇਪੀ ਦਫ਼ਤਰਾਂ ਦਾ ਉਦਘਾਟਨ ਕਰੇਗੀ। ਇਹਨਾਂ ਦਫ਼ਤਰਾਂ ਦਾ ਉਦਘਾਟਨ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਵਰਚੁਅਲੀ ਕਰਨਗੇ। ਹਲਾਂਕਿ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇਪੀ ਨੱਡਾ ਪੰਜਾਬ ‘ਚ ਤਿੰਨ ਦਿਨਾਂ ਲਈ ਆ ਸਕਦੇ ਹਨ। ਬੀਜੇਪੀ ਪ੍ਰਧਾਨ ਦੀ ਫੇਰੀ ‘ਤੇ ਸੁਖਬੀਰ ਬਾਦਲ ਨੇ ਕੋਈ ਵੀ ਪ੍ਰਤੀਕੀਰਿਆ ਦੇਣ ਨਹੀਂ ਦਿੱਤੀ।
ਖੇਤੀ ਕਾਨੂੰਨ ਮੁੱਦੇ ‘ਤੇ ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ। ਸੁਖਬੀਰ ਸਿੰਘ ਬਾਦਲ ਅੱਜ ਫਿਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਸਨ। ਸ਼੍ਰੋਮਣੀ ਕਮੇਟੀ ਦੇ ਸ਼ਤਾਬਦੀ ਸਮਾਗਮ ‘ਚ ਭਾਗ ਲੈਣ ਲਈ ਉਹ ਦੋ ਦਿਨ ਪਹਿਲਾਂ ਤੋਂ ਅੰਮ੍ਰਿਤਸਰ ਆਏ ਹੋਏ ਸਨ। ਅੱਜ ਫਿਰ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਉਨ੍ਹਾਂ ਮੱਥਾ ਟੇਕਿਆ।