ਚੰਡੀਗੜ੍ਹ (ਅਵਤਾਰ ਸਿੰਘ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਰ ਵਲੋਂ ਬਣਾਏ ਗਏ ਕਿਸਾਨ ਵਿਰੋਧੀ ਕਾਨੂੰਨਾਂ ਪ੍ਰਤੀ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਖੇਤੀ ਖਿਲਾਫ ਲਏ ਗਏ ਫੈਸਲਿਆਂ ਵਿਰੁੱਧ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਿੱਚ ਵੀ ਭਾਰੀ ਰੋਹ ਹੈ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਯੂਥ ਜਨਰਲ ਸੱਕਤਰ ਬਰਿੰਦਰ ਸਿੰਘ ਸੰਧੂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਵਲੋਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਭਾਜਪਾ ਪੰਜਾਬ ਯੂਥ ਦੇ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਨੂੰ ਭੇਜੇ ਪੱਤਰ ਵਿੱਚ ਉਨ੍ਹਾਂ ਕਿਹਾ ਹੈ ਕਿ ਮੌਜੂਦਾ ਹਾਲਾਤ ਵਿੱਚ ਕਿਸਾਨ ਯੂਨੀਅਨਾਂ, ਆੜ੍ਹਤੀਆਂ, ਛੋਟੇ ਵਪਾਰੀ ਅਤੇ ਮਜ਼ਦੂਰ ਵਰਗ ਕੇਂਦਰ ਵੱਲੋਂ ਪਾਸ ਕੀਤੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਲੜ ਰਹੇ ਹਨ।
ਸੰਧੂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ ਨੂੰ ਵੇਖਦਿਆਂ ਉਹ ਭਾਜਪਾ ਪੰਜਾਬ ਯੂਥ ਜਨਰਲ ਸੱਕਤਰ ਅਤੇ ਪਾਰਟੀ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਕਿਸਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜਨ ਦੀ ਗੱਲ ਕਹੀ ਹੈ। ਅਜਿਹੇ ਲੀਡਰਾਂ ਦੇ ਸਟੈਂਡ ਲੈਣ ਨਾਲ ਕਿਸਾਨੀ ਸੰਘਰਸ਼ ਨੂੰ ਬਲ ਮਿਲ ਰਿਹਾ ਹੈ।