ਨਵੀਂ ਦਿੱਲੀ : ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਅਤੇ ਭਾਜਪਾ ਵਰਕਰਾਂ ਵਚਾਲੇ ਬੁੱਧਵਾਰ ਨੂੰ ਝੜਪ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਵਰਕਰ ਆਪਣੇ ਕਿਸੇ ਆਗੂ ਦਾ ਸਵਾਗਤ ਕਰਨ ਉੱਥੇ ਪੁੱਜੇ ਸਨ, ਪਰ ਇਸੇ ਦੌਰਾਨ ਅਚਾਨਕ ਸਥਿਤੀ ਵਿਗੜ ਗਈ। ਇਸ ਦੌਰਾਨ ਡਾਂਗਾਂ ਚੱਲੀਆਂ, ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ।
ਭਾਜਪਾ ਵਰਕਰਾਂ ਨੇ ਕਿਸਾਨਾਂ ‘ਤੇ ਭੰਨਤੋੜ ਅਤੇ ਪਥਰਾਅ ਕਰਨ ਦੇ ਦੋਸ਼ ਲਾਏ ਹਨ। ਉੱਧਰ ਦੂਜੇ ਪਾਸੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਭਾਜਪਾ ਵਰਕਰਾਂ ‘ਤੇ ਕਿਸਾਨਾਂ ਦੇ ਮੰਚ ‘ਤੇ ਕਬਜਾ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਭਾਜਪਾ ਵਰਕਰ ਉਨ੍ਹਾਂ ਦੇ ਮੰਚ ’ਤੇ ਆ ਕੇ ਆਪਣੇ ਨੇਤਾ ਦਾ ਸਵਾਗਤ ਕਰਨ ਲੱਗੇ ਸਨ, ਜਿਸ ਤੋਂ ਬਾਅਦ ਮਾਹੌਲ ਵਿਗੜ ਗਿਆ।
ਇਸ ਘਟਨਾ ‘ਤੇ ਕਿਸਾਨ ਆਗੂ ਅਤੇ ਗਾਜ਼ੀਪੁਰ ਅੰਦੋਲਨ ਕਮੇਟੀ ਦੇ ਮੈਂਬਰ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਭਾਜਪਾ ਦੀ ਸਾਜਿਸ਼ ਹੈ।