ਪਟਿਆਲਾ : ਕਿਸਾਨ ਅੰਦੋਲਨ ਦੇ ਚੱਲਦਿਆਂ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਰਾਜਪੁਰਾ ਤੋਂ ਬੀਜੇਪੀ ਦੇ ਮੰਡਲ ਪ੍ਰਧਾਨ ਸੰਜੇ ਬੱਗਾ ਸਮੇਤ 20 ਤੋਂ ਵੱਧ ਵਰਕਰਾਂ ਨੇ ਬੀਜੇਪੀ ਨੂੰ ਅਲਵਿਦਾ ਕਹਿ ਦਿੱਤਾ ਹੈ। ਐਡਵੋਕੇਟ ਸੰਜੇ ਬੱਗਾ ਦੀ ਅਗਵਾਈ ਵਿੱਚ ਰਾਜਪੁਰਾ ਵਿਖੇ ਇੱਕ ਮੀਟਿੰਗ ਬੁਲਾਈ ਗਈ ਸੀ। ਜਿਸ ਵਿੱਚ ਭਾਜਪਾ ਲੀਡਰਾਂ ਨੇ ਕਿਸਾਨਾਂ ਦੇ ਹੱਕ ਵਿੱਚ ਨਿੱਤਰਦੇ ਹੋਏ ਬੀਜੇਪੀ ਨੂੰ ਕਿਸਾਨ ਵਿਰੋਧੀ ਦੱਸਿਆ। ਇਸ ਮੀਟਿੰਗ ਵਿੱਚ ਭਾਜਪਾ ਲੀਡਰਾਂ ਵਲੋ ਇੱਕ ਜੁਟਤਾ ਵਿਖਾਉਂਦਿਆਂ ਸੰਜੇ ਬੱਗਾ ਸਮੇਤ ਕੁੱਲ 20 ਜਣਿਆਂ ਨੇ ਆਪਣੇ ਅਸਤੀਫੇ ਪਾਰਟੀ ਪ੍ਰਧਾਨ ਪੰਜਾਬ ਅਸ਼ਵਨੀ ਸ਼ਰਮਾ ਨੂੰ ਭੇਜੇ।
ਇਸ ਦੌਰਾਨ ਜਾਣਕਾਰੀ ਦਿੰਦਿਆਂ ਭਾਜਪਾ ਮੰਡਲ ਪ੍ਰਧਾਨ ਸੰਜੇ ਬੱਗਾ ਨੇ ਦੱਸਿਆ ਕੀ ਅਸੀ ਭਾਜਪਾ ਦੇ ਪੁਰਾਣੇ ਸਿਪਾਹੀ ਹਾਂ,ਪਰ ਦੇਸ਼ ਦੀ ਮੌਜੂਦਾ ਭਾਜਪਾ ਸਰਕਾਰ ਆਪਣੇ ਅੜੀਅਲ ਰਵਈਏ ਕਾਰਨ ਕਿਸਾਨੀ ਸੰਘਰਸ਼ ਨੂੰ ਸਿਰੇ ਲਾਉਣ ਵਿਚ ਨਾਕਾਮ ਰਹੀ ਹੈ। ਜਿਸ ਦਾ ਸਾਨੂੰ ਕਾਫੀ ਦੁੱਖ ਹੈ। ਇਸ ਲਈ ਰਾਜਪੁਰਾ ਭਾਜਪਾ ਮੰਡਲ ਦੇ ਸਮੂਹ ਅਹੁਦੇਦਾਰਾਂ ਵੱਲੋਂ ਇਕੱਠੇ ਹੋ ਕੇ ਕਿਸਾਨ ਭਰਾਵਾਂ ਦੇ ਹੱਕ ਵਿੱਚ ਆਪਣੇ ਅਸਤੀਫੇ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਭੇਜ ਦਿਤੇ ਗਏ ਹਨ।