ਨਿਊਜ਼ ਡੈਸਕ: ਕੋਰੋਨਾ ਮਹਾਂਮਾਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਰਾਜਨੀਤੀ ਪਾਰਟੀ ਦੇ ਲੀਡਰਾਂ ਖ਼ਿਲਾਫ਼ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਇਨ੍ਹਾਂ ਕਾਰਵਾਈਆਂ ‘ਤੇ ਹੁਣ ਸਿਆਸੀ ਰੰਗ ਵੀ ਚੜ੍ਹਨਾ ਸ਼ੁਰੂ ਹੋ ਗਿਆ ਹੈ। ਵਿਰੋਧੀ ਪਾਰਟੀਆਂ ਵੱਲੋਂ ਇਲਜਾਮ ਲਗਾਏ ਜਾ ਰਹੇ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋ ਤਰ੍ਹਾਂ ਦੇ ਕਾਨੂੰਨ ਚਲਾ ਰਹੇ ਹਨ।
ਬੀਤੇ ਦਿਨੀਂ ਬੀਜੇਪੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਖਿਲਾਫ ਡਿਜ਼ਾਸਟਰ ਮੈਨੇਜਮੈਂਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਜਿਸ ‘ਤੇ ਜਵਾਬ ਦਿੰਦੇ ਹੋਏ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ‘ਚ ਦੋ ਤਰ੍ਹਾਂ ਦੇ ਕਾਨੂੰਨ ਚੱਲ ਰਹੇ ਹਨ ਇੱਕ ਸੱਤਾ ਦੇ ਲਈ ਅਤੇ ਦੂਸਰਾ ਵਿਰੋਧੀਆਂ ਦੇ ਲਈ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ, ਵਿਧਾਇਕਾਂ ਅਤੇ ਕਾਂਗਰਸ ਦੇ ਲੀਡਰਾਂ ਨੂੰ ਪੂਰੀ ਤਰ੍ਹਾਂ ਛੋਟ ਦਿੱਤੀ ਗਈ ਹੈ। ਉਧਰ ਜੇਕਰ ਮੈਂ ਆਪਣੇ ਲੋਕਾਂ ਦਾ ਹਾਲ ਚਾਲ ਜਾਣਨ ਲਈ ਗਿਆ ਤਾਂ ਮੇਰੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬੀਜੇਪੀ ਇਸ ਦੇ ਖਿਲਾਫ ਆਵਾਜ਼ ਚੁੱਕੇਗੀ।
ਦੂਜੇ ਪਾਸੇ ਪੰਜਾਬ ਪੁਲਿਸ ਨੇ ਪਿਛਲੇ ਸੋਮਵਾਰ ਨੂੰ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਕੋਰੋਨਾ ਸਬੰਧੀ ਗਲਤ ਪ੍ਰਚਾਰ ਕਰਨ ਦਾ ਮੁਕੱਦਮਾ ਦਰਜ ਕੀਤਾ ਸੀ। ਉਸ ਸਮੇਂ ਵੀ ਸਿਮਰਜੀਤ ਬੈਂਸ ਨੇ ਪੰਜਾਬ ਸਰਕਾਰ ਦੀ ਦੋਹਰੀ ਨੀਤੀ ਦਾ ਜ਼ਿਕਰ ਕਰਦੇ ਹੋਏ ਇਤਰਾਜ਼ ਜਤਾਇਆ ਸੀ।