ਮੁੰਬਈ : ਹਮੇਸ਼ਾ ਵਿਵਾਦਾਂ ‘ਚ ਘਿਰੇ ਰਹਿਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਕਾਂਗਰਸ ਪਾਰਟੀ ਮਹਾਂਰਾਸ਼ਟਰ ਯੂਥ ਕਾਂਗਰਸ ਦੇ ਜਨਰਲ ਸਕੱਤਰ ਬ੍ਰਿਜ ਕਿਸ਼ੋਰ ਦੱਤ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਜਿਸ ਦੀ ਜਾਣਕਾਰੀ ਮਹਾਂਰਾਸ਼ਟਰ ਵੱਲੋਂ ਮੰਗਲਵਾਰ ਨੂੰ ਦਿੱਤੀ ਗਈ ਹੈ। ਪੁਲਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੰਬਿਤ ਪਾਤਰਾ ਖਿਲਾਫ ਆਈ.ਪੀ.ਸੀ. ਦੀ ਧਾਰਾ 500 ਦੇ ਤਹਿਤ ਕਲਿਆਣ ਪੁਲੀਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਹੈ।
ਦੱਸ ਦਈਏ ਕਿ ਹਾਲ ਹੀ ‘ਚ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਕਾਂਗਰਸ ਪਾਰਟੀ ਅਤੇ ਉਸ ਦੇ ਨੇਤਾਵਾਂ ਖਿਲਾਫ ਇਤਰਾਜ਼ਯੋਗ ਟਵੀਟ ਕੀਤਾ ਸੀ। ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਜੇਕਰ ਕੋਰੋਨਾ ਮਹਾਮਾਰੀ ਦੀ ਸਮੱਸਿਆ ਕਾਂਗਰਸ ਪਾਰਟੀ ਦੇ ਰਾਜ ਕਾਲ ‘ਚ ਹੁੰਦੀ ਤਾਂ ਇਸ ਦੌਰਾਨ ਕਾਂਗਰਸ ਪਾਰਟੀ ਵੱਲੋਂ ਵੱਡੇ ਪੱਧਰ ‘ਤੇ ਪੈਸੇ ਦੀ ਗਲਤ ਵਰਤੋਂ ਕੀਤੀ ਜਾਣੀ ਸੀ। ਸੰਬਿਤ ਪਾਤਰਾ ਨੇ ਟਵੀਟ ‘ਚ ਅੱਗੇ ਕਿਹਾ ਸੀ ਕਿ ਕਾਂਗਰਸ ਪਾਰਟੀ ਆਪਣੇ ਰਾਜ ਕਾਲ ਦੌਰਾਨ 5 ਹਜ਼ਾਰ ਰੁਪਏ ਮਾਸਕ, 7 ਹਜ਼ਾਰ ਕਰੋੜ ਰੁਪਏ ਕੋਰੋਨਾ ਜਾਂਚ ਕਿੱਟਾਂ, 20 ਹਜ਼ਾਰ ਕਰੋੜ ਰੁਪਏ ਸੈਨੇਟਾਈਜ਼ਰ ਅਤੇ 26 ਹਜ਼ਾਰ ਕਰੋੜ ਰੁਪਏ ਰਾਜੀਵ ਗਾਂਧੀ ਵਾਇਰਸ ਖੋਜ ‘ਤੇ ਖਰਚ ਕੀਤੇ ਜਾਣੇ ਸੀ। ਮਹਾਂਰਾਸ਼ਟਰ ਯੂਥ ਕਾਂਗਰਸ ਦੇ ਜਨਰਲ ਸਕੱਤਰ ਬ੍ਰਿਜ ਕਿਸ਼ੋਰ ਦੱਤ ਨੇ ਕਿਹਾ ਕਿ ਸੰਬਿਤ ਪਾਤਰਾ ਨੇ ਕਾਂਗਰਸ ਪਾਰਟੀ ਦੇ ਦਿੱਗਜ ਨੇਤਾ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਰਾਜੀਵ ਗਾਂਧੀ ਦੀਆਂ ਤਸਵੀਰਾਂ ਦੀ ਗਲਤ ਵਰਤੋਂ ਕਰਕੇ ਪਾਰਟੀ ਦੇ ਦਿੱਗਜ ਨੇਤਾਵਾਂ ਦੇ ਸਨਮਾਨ ਨੂੰ ਠੇਸ ਪਹੁੰਚਾਈ ਹੈ।