ਚੰਡੀਗੜ੍ਹ: ਇੱਥੇ ਇੱਕ ਬੀਜੇਪੀ ਲੀਡਰ ਦੀ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਬੀਜੇਪੀ ਦੇ ਲੀਡਰ ਗੌਰਵ ਗੋਇਲ ਨੇ ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ ਕੇਕੇ ਯਾਦਵ ਦੇ ਪੀਏ ਨੂੰ ਥੱਪੜ ਜੜ੍ਹ ਦਿੱਤਾ। ਇਸ ਘਟਨਾ ਤੋਂ ਬਾਅਦ ਨਗਰ ਨਿਗਮ ਦੇ ਕਰਮਚਾਰੀ ਕੰਮ ਛੱਡ ਕੇ ਬੀਜੇਪੀ ਲੀਡਰ ਖਿਲਾਫ ਧਰਨੇ ‘ਤੇ ਬੈਠ ਗਏ। ਕਰਮਚਾਰੀਆਂ ਨੇ ਮੁਲਜ਼ਮ ਗੌਰਵ ਗੋਇਲ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।
ਇਸ ਤੋਂ ਇਲਾਵਾ ਕਰਮਚਾਰੀ ਯੂਨੀਅਨ ਵੱਲੋਂ ਇਹ ਆਫਰ ਦਿੱਤਾ ਗਿਆ ਕਿ ਬੀਜੇਪੀ ਦੇ ਬੁਲਾਰੇ ਗੌਰਵ ਗੋਇਲ ਸਾਮੂਹਿਕ ਤੌਰ ‘ਤੇ ਮੁਆਫੀ ਮੰਗਣ। ਜੇਕਰ ਉਹ ਮੁਆਫੀ ਨਹੀਂ ਮੰਗਦੇ ਤਾਂ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ।
ਗੌਰਵ ਗੋਇਲ ਨਗਰ ਨਿਗਮ ਕਮਿਸ਼ਨਰ ਨੂੰ ਆਪਣੇ ਹਲਕੇ ਦੀਆਂ ਸ਼ਿਕਾਇਤਾਂ ਲੈ ਕੇ ਮਿਲਣ ਆਏ ਸਨ। ਜਦੋਂ ਉਹ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਬੀਜੇਪੀ ਲੀਡਰ ਦੀ ਕਮਿਸ਼ਨਰ ਦੇ ਪੀਏ ਨਾਲ ਬਹਿਸ ਹੋ ਗਈ। ਇਸ ਦੌਰਾਨ ਗੌਰਵ ਗੋਇਲ ਨੇ ਪੀਏ ਦੇ ਥੱਪੜ ਮਾਰ ਦਿੱਤਾ।