ਪਠਾਨਕੋਟ: ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਵਿਚਾਲੇ ਦੇਸ਼ ‘ਚ ਇੱਕ ਵਾਰ ਫਿਰ ਬਰਡ ਫਲੂ ਨੇ ਦਸਤਕ ਦੇ ਦਿੱਤੀ ਹੈ। ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਵਿਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਪਿਛਲੇ ਮਹੀਨੇ ਲਏ ਗਏ ਸੈਂਪਲਾਂ ‘ਚੋਂ 5 ਮੁਰਗੀਆਂ ਦੀ ਰਿਪੋਰਟ ਪਾਜ਼ਿਟਿਵ ਆ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸੰਕਰਮਿਤ ਮਿਲੀ ਮੁਰਗੀਆਂ ਵਾਲੇ ਦੋ ਪੋਲਟਰੀ ਫ਼ਾਰਮਾਂ ਦੀਆਂ ਸੈਂਕੜੇ ਮੁਰਗੀਆਂ ਨੂੰ ਦਫ਼ਨਾ ਦਿੱਤਾ।
ਇਸ ਤੋਂ ਇਲਾਵਾ 120 ਹੋਰ ਪਾਲਤੂ ਪੰਛੀਆਂ ਨੂੰ ਮਾਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਸੰਕਰਮਿਤ ਮੁਰਗੀਆਂ ਵਾਲੇ ਪੋਲਟਰੀ ਫਾਰਮਾਂ ‘ਚ ਦਵਾਈ ਦਾ ਛਿੜਕਾਅ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਲਾਕੇ ਦੇ ਲੋਕਾਂ ਨੂੰ ਫਾਰਮ ਤੋਂ ਦੂਰ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉੱਥੇ ਹੀ ਛੱਤਵਾਲ ਦੇ ਡੰਗਰ ਹਸਪਤਾਲ ਵਿੱਚ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ।