Australia Visa News : ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਹੇ ਪੰਜਾਬੀਆਂ ਲਈ ਵੱਡੀ ਖ਼ਬਰ!

raajan tiwari
4 Min Read

Australia Visa News : ਆਸਟ੍ਰੇਲੀਆ ਸਰਕਾਰ ਨੇ ਵੀਜ਼ਾ ਨਿਯਮਾਂ ਨੂੰ ਲੈ ਕੇ ਇੱਕ ਹੋਰ ਵੱਡਾ ਫ਼ੈਸਲਾ ਲਿਆ ਹੈ। ਹੁਣ 407 Training Visa ਲੈਣਾ ਹੋ ਸਕਦਾ ਹੈ ਹੋਰ ਵੀ ਮੁਸ਼ਕਲ! ਨਵੇਂ ਨਿਯਮਾਂ ਤਹਿਤ ਕਈ ਲੋਕਾਂ ਨੂੰ ਵੀਜ਼ਾ ਅਪਲਾਈ ਕਰਨ ਲਈ ਆਸਟ੍ਰੇਲੀਆ ਛੱਡਣਾ ਪੈ ਸਕਦਾ ਹੈ। ਇੰਨਾ ਹੀ ਨਹੀਂ, ਵੀਜ਼ਾ ਮਨਜ਼ੂਰ ਹੋਣ ਤੱਕ ਵਿਦੇਸ਼ ਵਿੱਚ ਹੀ ਰਹਿਣਾ ਹੋਵੇਗਾ। 12 ਨਵੰਬਰ 2026 ਤੋਂ ਲਾਗੂ ਹੋਣ ਜਾ ਰਹੀ ਇਸ ਤਬਦੀਲੀ ਦਾ ਅਸਰ ਉਨ੍ਹਾਂ ਭਾਰਤੀਆਂ ‘ਤੇ ਵੀ ਪੈ ਸਕਦਾ ਹੈ, ਜੋ ਪਹਿਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ। ਦਰਅਸਲ, ਆਸਟ੍ਰੇਲੀਆ ਦੇ Training Visa Subclass 407 ਦੇ ਨਿਯਮਾਂ ਨੂੰ ਸਖ਼ਤ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਲਾਅ ਫਰਮ Fragomen ਅਤੇ KPMG ਦੀ ਜਾਣਕਾਰੀ ਮੁਤਾਬਕ, ਨਵੇਂ ਨਿਯਮਾਂ ਤਹਿਤ ਪ੍ਰਭਾਵਿਤ ਬਿਨੈਕਾਰਾਂ ਨੂੰ 407 ਵੀਜ਼ਾ ਦੀ ਅਰਜ਼ੀ ਜਮ੍ਹਾਂ ਕਰਵਾਉਣ ਸਮੇਂ ਆਸਟ੍ਰੇਲੀਆ ਤੋਂ ਬਾਹਰ ਹੋਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ, ਵੀਜ਼ਾ ਅਰਜ਼ੀ ‘ਤੇ ਅੰਤਿਮ ਫ਼ੈਸਲਾ ਆਉਣ ਤੱਕ ਵੀ ਉਨ੍ਹਾਂ ਨੂੰ ਆਸਟ੍ਰੇਲੀਆ ਤੋਂ ਬਾਹਰ ਹੀ ਰਹਿਣਾ ਪਵੇਗਾ। ਯਾਨੀ ਜੇਕਰ ਤੁਸੀਂ ਪਹਿਲਾਂ ਹੀ ਆਸਟ੍ਰੇਲੀਆ ਵਿੱਚ ਕਿਸੇ ਹੋਰ ਅਸਥਾਈ ਵੀਜ਼ੇ ‘ਤੇ ਰਹਿ ਰਹੇ ਹੋ ਅਤੇ ਹੁਣ 407 ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਅਗਲੀ ਯੋਜਨਾ ਬਾਰੇ ਗੰਭੀਰਤਾ ਨਾਲ ਸੋਚਣਾ ਪਵੇਗਾ। ਹਾਲਾਂਕਿ, ਕੁਝ ਵਿਸ਼ੇਸ਼ ਸ਼੍ਰੇਣੀਆਂ ਨੂੰ ਇਸ ਨਿਯਮ ਤੋਂ ਛੋਟ ਵੀ ਮਿਲ ਸਕਦੀ ਹੈ।

 

ਇੱਥੇ ਇੱਕ ਹੋਰ ਅਹਿਮ ਗੱਲ ਵੀ ਜਾਣ ਲਓ।

ਇਸ ਤੋਂ ਪਹਿਲਾਂ 11 ਮਾਰਚ 2026 ਤੋਂ ਵੀ 407 ਵੀਜ਼ਾ ਦੀ ਪ੍ਰਕਿਰਿਆ ਸਖ਼ਤ ਕੀਤੀ ਜਾ ਚੁੱਕੀ ਹੈ। ਹੁਣ ਬਿਨੈਕਾਰ ਦੀ ਵੀਜ਼ਾ ਅਰਜ਼ੀ ਉਸੇ ਸਮੇਂ ਵੈਧ ਮੰਨੀ ਜਾਵੇਗੀ, ਜਦੋਂ ਸਪਾਂਸਰ ਕਰਨ ਵਾਲੇ ਰੁਜ਼ਗਾਰਦਾਤਾ ਦੀ Temporary Activities Sponsorship ਅਤੇ 407 Nomination ਦੋਵਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੋਵੇ। ਇਸ ਦਾ ਮਤਲਬ ਹੈ ਕਿ ਸਿਰਫ਼ ਸਪਾਂਸਰਸ਼ਿਪ ਜਾਂ ਨਾਮਜ਼ਦਗੀ ਲਈ ਅਪਲਾਈ ਕਰਨਾ ਕਾਫ਼ੀ ਨਹੀਂ ਹੋਵੇਗਾ। ਸਭ ਤੋਂ ਵੱਡੀ ਚਿੰਤਾ ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਦੇ ਮੌਜੂਦਾ ਵੀਜ਼ੇ ਦੀ ਮਿਆਦ ਜਲਦ ਖ਼ਤਮ ਹੋਣ ਵਾਲੀ ਹੈ। ਕਿਉਂਕਿ ਸਪਾਂਸਰਸ਼ਿਪ ਅਤੇ ਨਾਮਜ਼ਦਗੀ ਦੀ ਪ੍ਰਕਿਰਿਆ ਵਿੱਚ ਲਗਭਗ 12 ਤੋਂ 13 ਮਹੀਨੇ ਲੱਗ ਸਕਦੇ ਹਨ। ਅਜਿਹੇ ਵਿੱਚ ਜੇਕਰ ਤੁਹਾਡਾ ਮੌਜੂਦਾ ਵੀਜ਼ਾ ਖ਼ਤਮ ਹੋਣ ਵਾਲਾ ਹੈ ਤਾਂ ਤੁਹਾਡੇ ਸਾਹਮਣੇ ਆਸਟ੍ਰੇਲੀਆ ਛੱਡਣ ਜਾਂ ਹੋਰ ਵੀਜ਼ਾ ਵਿਕਲਪ ਲੱਭਣ ਦੀ ਨੌਬਤ ਆ ਸਕਦੀ ਹੈ। ਉੱਥੇ ਹੀ ਭਾਰਤ ਤੋਂ ਅਪਲਾਈ ਕਰਨ ਵਾਲੇ ਬਿਨੈਕਾਰਾਂ ਨੂੰ ਬਾਇਓਮੈਟ੍ਰਿਕ ਪ੍ਰਕਿਰਿਆ ਦਾ ਵੀ ਖ਼ਾਸ ਧਿਆਨ ਰੱਖਣਾ ਹੋਵੇਗਾ। ਇਮੀਗ੍ਰੇਸ਼ਨ ਵਿਭਾਗ ਵੱਲੋਂ ਨੋਟਿਸ ਮਿਲਣ ‘ਤੇ ਨਿਰਧਾਰਤ ਸਮੇਂ ਅੰਦਰ ਬਾਇਓਮੈਟ੍ਰਿਕ ਦੇਣਾ ਜ਼ਰੂਰੀ ਹੋਵੇਗਾ।

 

ਹੁਣ ਸਵਾਲ ਹੈ ਕਿ ਸਰਕਾਰ ਨੇ ਇਹ ਸਖ਼ਤੀ ਕਿਉਂ ਕੀਤੀ?

ਦਰਅਸਲ, ਆਸਟ੍ਰੇਲੀਆ ਸਰਕਾਰ ਦਾ ਮਕਸਦ Training Visa ਪ੍ਰੋਗਰਾਮ ਦੀ ਗ਼ਲਤ ਵਰਤੋਂ ਨੂੰ ਰੋਕਣਾ ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਹੋਰ ਨਿਯੰਤਰਿਤ ਕਰਨਾ ਹੈ। ਦੱਸ ਦਈਏ ਕਿ 407 ਵੀਜ਼ਾ ਉਨ੍ਹਾਂ ਲੋਕਾਂ ਲਈ ਹੁੰਦਾ ਹੈ, ਜੋ ਆਸਟ੍ਰੇਲੀਆ ਵਿੱਚ ਆਪਣੇ ਪੇਸ਼ੇ ਨਾਲ ਸਬੰਧਤ ਕਿੱਤਾਮੁਖੀ ਸਿਖਲਾਈ ਜਾਂ ਪ੍ਰੋਫੈਸ਼ਨਲ ਡਿਵੈਲਪਮੈਂਟ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ। ਸੋ, ਜੇਕਰ ਤੁਸੀਂ ਵੀ ਆਸਟ੍ਰੇਲੀਆ ਵਿੱਚ ਰਹਿ ਰਹੇ ਹੋ ਜਾਂ 407 Training Visa ਲਈ ਅਪਲਾਈ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ 12 ਨਵੰਬਰ ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮਾਂ ਨੂੰ ਹਲਕੇ ਵਿੱਚ ਨਾ ਲਓ। ਆਪਣੇ ਮੌਜੂਦਾ ਵੀਜ਼ੇ ਦੀ ਮਿਆਦ ਅਤੇ ਸਪਾਂਸਰਸ਼ਿਪ ਦੀ ਸਥਿਤੀ ਜ਼ਰੂਰ ਚੈੱਕ ਕਰੋ ਅਤੇ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਦੀ ਸਲਾਹ ਲਓ। ਆਸਟ੍ਰੇਲੀਆ ਦੇ ਵੀਜ਼ਾ ਨਿਯਮਾਂ ਨਾਲ ਜੁੜੀ ਹਰ ਅਪਡੇਟ ਲਈ ਦੇਖਦੇ ਰਹੋ ਸਾਡੀਆਂ ਖ਼ਬਰਾਂ।

Share This Article
1 Comment