ਰਾਜਪੁਰਾ : ਸੂਬੇ ਵਿੱਚ ਕਿਸਾਨ ਜਥੇਬੰਦੀਆਂ ਵਲੋਂ ਭਾਜਪਾ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ ਹੈ। ਰਾਜਪੁਰਾ ਵਿਖੇ ਉਸ ਸਮੇਂ ਸਥਿਤੀ ਤਣਾਅ ਵਾਲੀ ਬਣ ਗਈ ਜਦੋਂ ਨਵੀਂ ਅਨਾਜ਼ ਮੰਡੀ ਨਜ਼ਦੀਕ ਭਾਜਪਾ ਆਗੂਆਂ ਵੱਲੋਂ ਕੀਤੀ ਜਾ ਰਹੀ ਮੀਟਿੰਗ ਦਾ ਕਿਸਾਨਾਂ ਨੇ ਵਿਰੋਧ ਕੀਤਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਹ ‘ਚ ਆਏ ਕਿਸਾਨਾਂ ਨੇ ‘ਕੇਂਦਰ ਸਰਕਾਰ ਮੁਰਦਾਬਾਦ’ ਦੇ ਨਾਅਰੇ ਲਾਉਣੇ ਸ਼ੁਰੂ ਕੀਤੇ ਤਾਂ ਭਾਜਪਾ ਆਗੂਆਂ ਨੂੰ ਭਾਜੜਾਂ ਪੈ ਗਈਆਂ।
ਇਸ ਦੌਰਾਨ ਇੱਕ ਭਾਜਪਾ ਕੌਂਸਲਰ ਦੇ ਨਾਲ ਧੱਕਾ-ਮੁੱਕੀ ਕਰਨ ਦੀ ਕੋਸ਼ਿਸ਼ ਕੀਤੀ ਗਈ । ਪੁਲਿਸ ਹੋਣ ਦੇ ਬਾਵਜੂਦ ਭਾਜਪਾ ਆਗੂ ਕਿਸਾਨਾਂ ਤੋਂ ਬਚਣ ਦੇ ਲਈ ਨੇੜਲੇ ਘਰ ਵਿੱਚ ਵੜ ਗਏ ਜਿਥੋਂ ਪੁਲਿਸ ਪਾਰਟੀ ਨੇ ਬੜੀ ਮੁਸ਼ੱਕਤ ਤੋਂ ਬਾਅਦ ਉਨਾਂ ਨੂੰ ਆਪਣੀ ਗੱਡੀ ‘ਚ ਬਿਠਾਇਆ ਅਤੇ ਉਥੋਂ ਲੈ ਗਏ।।
ਇਸ ਦੌਰਾਨ ਇੱਕ ਭਾਜਪਾ ਆਗੂ ਦੇ ਗੰਨਮੈਂਨ ਵੱਲੋਂ ਕਿਸਾਨਾਂ ਵੱਲ ਆਪਣੀ ਰਿਵਾਲਵਰ ਕੱਢ ਕੇ ਦਿਖਾਉਣ ਨੂੰ ਲੈ ਕੇ ਇੱਕ ਵਾਰ ਤਾਂ ਸਥਿਤੀ ਜ਼ਬਰਦਸਤ ਤਨਾਅ ਪੂਰਨ ਹੋ ਗਈ। ਕਿਸਾਨਾਂ ਨੇ ਸੜਕੀ ਆਵਾਜਾਈ ਠੱਪ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਡੀਐੱਸਪੀ ਘਨੋਰ ਜਸਵਿੰਦਰ ਸਿੰਘ ਟਿਵਾਣਾ, ਐੱਸਐੱਚਓ ਖੇੜੀ ਗੰਡਿਆ ਇੰਸੈਪਕਟਰ, ਕੁਲਵਿੰਦਰ ਸਿੰਘ ਭਾਰੀ ਪੁਲਿਸ ਬਲ ਸਮੇਤ ਮੀਟਿੰਗ ਵਾਲੀ ਥਾਂ ‘ਤੇ ਪਹੁੰਚੇ ਤੇ ਕਿਸਾਨਾਂ ਨੂੰ ਸਾਂਤ ਕਰਨ ਦੀ ਕੋਸ਼ਿਸ ਕੀਤੀ। ਇਸ ਦੌਰਾਨ ਪੁਲਿਸ ਨੇ ਜਿਉਂ ਹੀ ਭਾਜਪਾ ਆਗੂਆਂ ਨੂੰ ਬਾਹਰ ਕੱਢਿਆ ਤਾਂ ਮੌਕੇ ‘ਤੇ ਮੋਜੂਦ ਸੈਂਕੜੇ ਕਿਸਾਨ ਰੋਹ ‘ਚ ਆ ਗਏ ਅਤੇ ਭਾਜਪਾ ਆਗੂਆਂ ਦੀਆਂ ਭਾਜੜਾ ਪਵਾ ਦਿੱਤੀਆਂ ਤੇ ਇੱਕ ਭਾਜਪਾ ਕੌਂਸਲਰ ਦੇ ਨਾਲ ਧੱਕਾ ਮੁੱਕੀ ਵੀ ਕੀਤੀ ਗਈ।