ਨਵੀਂ ਦਿੱਲੀ : ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਖ਼ਤਮ ਹੋ ਗਈ ਹੈ। ਨਵੀਂ ਦਿੱਲੀ ਵਿਖੇ ਸ਼ਾਹ ਦੀ ਰਿਹਾਇਸ਼ ‘ਤੇ ਮੁਲਾਕਾਤ ਲਗਭਗ 45 ਮਿੰਟ ਤੱਕ ਚੱਲੀ। ਇਸ ਮੀਟਿੰਗ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਦੇ ਵੀ ਮੌਜੂਦ ਹੋਣ ਦੀ ਖ਼ਬਰ ਹੈ।
ਮੀਟਿੰਗ ਵਿੱਚ ਕੀ ਹੋਇਆ, ਇਸ ਬਾਰੇ ਫ਼ਿਲਹਾਲ ਜ਼ਿਆਦਾ ਵੇਰਵਾ ਉਪਲਬਧ ਨਹੀਂ ਹੈ। ਹਾਲਾਂਕਿ, ਹੁਣ ਚਰਚਾ ਹੈ ਕਿ ਕੱਲ੍ਹ ਕੋਈ ਵੱਡਾ ਕਾਂਗਰਸੀ ਨੇਤਾ ਭਾਜਪਾ ਵਿੱਚ ਸ਼ਾਮਲ ਹੋ ਸਕਦਾ ਹੈ। ਸਿਆਸੀ ਹਲਕਿਆਂ ਵਿੱਚ ਇਸ ਨੂੰ ਕੈਪਟਨ ਨਾਲ ਜੋੜਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੈਪਟਨ ਮੰਗਲਵਾਰ ਨੂੰ ਦਿੱਲੀ ਪਹੁੰਚੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕਿਸੇ ਵੀ ਸਿਆਸੀ ਵਿਅਕਤੀ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਅੱਜ ਉਹ ਅਚਾਨਕ ਅਮਿਤ ਸ਼ਾਹ ਨੂੰ ਮਿਲਣ ਪਹੁੰਚ ਗਏ ।
ਦਿੱਲੀ ਦੇ ਸਿਆਸੀ ਗਲਿਆਰਿਆਂ ਵਿਚ ਚਰਚਾ ਹੈ ਕਿ ਭਾਜਪਾ, ਰਾਜ ਸਭਾ ਰਾਹੀਂ ਅਮਰਿੰਦਰ ਨੂੰ ਸਰਕਾਰ ਵਿੱਚ ਲਿਆ ਸਕਦੀ ਹੈ ਅਤੇ ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਬਣਾਇਆ ਜਾ ਸਕਦਾ ਹੈ। ਕਿਸਾਨਾਂ ਦਾ ਖੇਤੀ ਅੰਦੋਲਨ ਖ਼ਤਮ ਕਰਵਾਉਣ ਲਈ ਕੈਪਟਨ ਨੂੰ ਅੱਗੇ ਕੀਤਾ ਜਾਣਾ ਤੈਅ ਹੈ।
ਹਲਾਂਕਿ ਇਸ ਨੂੰ ਫ਼ਿਲਹਾਲ ਕਿਆਸਅਰਾਈ ਹੀ ਮੰਨਿਆ ਜਾ ਰਿਹਾ ਹੈ, ਪਰ ਸਿਆਸਤ ਵਿੱਚ ਕਿਸੇ ਵੀ ਪਲ ਕੁਝ ਵੀ ਹੋਣਾ ਸੰਭਵ ਹੈ। ਪੰਜਾਬ ਕਾਂਗਰਸ ਦੇ ਮੌਜੂਦਾ ਹਾਲਾਤ ਇਸ ਦੀ ਤਾਜ਼ਾ ਮਿਸਾਲ ਹਨ। ਵੇਖਣਾ ਹੋਵੇਗਾ ਕੈਪਟਨ ਦਾ ਅਗਲਾ ਕਦਮ ਕੀ ਹੋਵੇਗਾ।