ਵਰਲਡ ਡੈਸਕ :- ਸੱਤਾਧਾਰੀ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਨੂੰ ਪਾਕਿਸਤਾਨ ‘ਚ ਹੋਣ ਵਾਲੀਆਂ ਸੈਨੇਟ ਦੀਆਂ ਚੋਣਾਂ ‘ਚ ਵੱਡਾ ਝਟਕਾ ਲੱਗਾ ਹੈ। ਵਿੱਤ ਮੰਤਰੀ ਅਬਦੁੱਲ ਹਫੀਜ਼ ਸ਼ੇਖ ਬੀਤੇ ਬੁੱਧਵਾਰ ਨੂੰ ਹੋਈ ਚੋਣ ‘ਚ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਤੋਂ ਹਾਰ ਗਏ। ਚੋਣ ‘ਚ ਸ਼ੇਖ ਦੀ ਹਾਰ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਖ਼ੁਦ ਉਨ੍ਹਾਂ ਨੂੰ ਜਿਤਾਉਣ ਲਈ ਮੁਹਿੰਮ ਚਲਾਈ ਸੀ।
ਚੋਣ ਤੋਂ ਪਹਿਲਾਂ ਪੀਟੀਆਈ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ 182 ਮੈਂਬਰਾਂ ਦਾ ਸਮਰਥਨ ਪ੍ਰਾਪਤ ਹੋਇਆ ਹੈ, ਜਦਕਿ ਚੋਣ ਜਿੱਤਣ ਲਈ ਸਿਰਫ 172 ਮੈਂਬਰਾਂ ਨੂੰ ਵੋਟਾਂ ਦੀ ਜ਼ਰੂਰਤ ਸੀ, ਪਰ ਸੈਨੇਟ ਚੋਣਾਂ ‘ਚ ਸ਼ੇਖ ਚੋਣ ਹਾਰ ਗਿਆ। ਭਾਵ ਕਿ ਦਾਅਵੇ ਅਨੁਸਾਰ ਸਰਕਾਰ ਕੋਲ ਬਹੁਮਤ ਨਹੀਂ ਹੈ।
ਚੋਣ ਕਮਿਸ਼ਨ ਦੇ ਅਨੁਸਾਰ, ਯੂਸਫ਼ ਰਜ਼ਾ ਗਿਲਾਨੀ ਨੂੰ 169 ਵੋਟਾਂ ਮਿਲੀ ਜਦਕਿ ਸ਼ੇਖ ਨੂੰ 164 ਵੋਟਾਂ ਮਿਲੀਆਂ। ਸੱਤ ਵੋਟਾਂ ਰੱਦ ਕਰ ਦਿੱਤੀਆਂ ਗਈਆਂ। ਕੁੱਲ 340 ਮੈਂਬਰਾਂ ਨੇ ਆਪਣੀ ਵੋਟ ਪਾਈ।
ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੇਖ ਨੂੰ ਜਿਤਾਉਣ ਦੀ ਨਿੱਜੀ ਤੌਰ ‘ਤੇ ਕੋਸ਼ਿਸ਼ ਕੀਤੀ, ਦੂਜੇ ਪਾਸੇ ਗਿਲਾਨੀ ਨੂੰ 11-ਪਾਰਟੀਆਂ ਦੇ ਵਿਰੋਧੀ ਗੱਠਜੋੜ, ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ (ਪੀਡੀਐਮ) ਦਾ ਸਮਰਥਨ ਪ੍ਰਾਪਤ ਹੋਇਆ।
ਸੈਨੇਟ ਪਾਕਿਸਤਾਨੀ ਸੰਸਦ ਦਾ ਉਪਰਲਾ ਸਦਨ ਹੈ, ਜਿਸ ‘ਚ ਉਮੀਦਵਾਰ ਛੇ ਸਾਲਾਂ ਲਈ ਚੁਣਿਆ ਜਾਂਦਾ ਹੈ। ਹੇਠਲੇ ਸਦਨ ਦੇ ਮੈਂਬਰ ਸੈਨੇਟ ਦੇ ਮੈਂਬਰ ਚੁਣਦੇ ਹਨ।