ਗੁਰਮੁਖ਼ੀ ਟੈਸਟ ‘ਚ ਫ਼ੇਲ੍ਹ ਸਿਰਸਾ ਦਾ ਬੀਬੀ ਜਗੀਰ ਕੌਰ ਵੱਲੋਂ ਬਚਾਅ ਕਰਨਾ ਸ਼ਰਮਨਾਕ : ਭਾਈ ਮੋਹਕਮ ਸਿੰਘ

TeamGlobalPunjab
3 Min Read

ਚੰਡੀਗੜ੍ਹ : ਸੁਖਬੀਰ ਸਿੰਘ ਬਾਦਲ ਦੇ ਚਹੇਤੇ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਗੁਰਮੁਖੀ ਪੜ੍ਹਨ ਅਤੇ ਲਿਖਣ ਦੇ ਲਏ ਗਏ ਟੈਸਟ ਵਿੱਚ ਫ਼ੇਲ੍ਹ ਹੋ ਜਾਣ `ਤੇ ਦਿੱਲੀ ਹਾਈਕੋਰਟ ਵਿੱਚ ਉਨ੍ਹਾਂ ਦੇ ਬਚਾਅ ਵਿੱਚ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਦਾਖ਼ਲ ਕੀਤੀ ਗਈ ਪਟੀਸ਼ਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਧਾਰਮਿਕ ਮਾਮਲਿਆਂ ਦੇ ਇੰਚਾਰਜ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਬੀਬੀ ਜਗੀਰ ਕੌਰ ਦਾ ਪਟੀਸ਼ਨ ਦਾਇਰ ਕਰਨਾ ਕੇਵਲ ਮੰਦਭਾਗਾ ਹੀ ਨਹੀ ਬਲਕਿ ਸ਼ਰਮਨਾਕ ਵੀ ਹੈ।

ਉਨ੍ਹਾਂ ਕਿਹਾ ਕਿ ਸਿੱਖ ਜਗਤ ਦੀ ਪ੍ਰਮੁੱਖ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਨੂੰ ਗੁਰਮੁਖੀ ਅਤੇ ਪੰਜਾਬੀ ਭਾਸ਼ਾ ਦਾ ਮੁਢਲਾ ਗਿਆਨ ਨਾ ਹੋਣਾ ਬੇਹੱਦ ਨਾਮੋਸ਼ੀ ਭਰਿਆ ਹੈ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਨੇ ਸੁਖਬੀਰ ਬਾਦਲ ਦੇ ਦਬਾਅ ਹੇਠ ਇਹ ਪਟੀਸ਼ਨ ਦਾਖ਼ਲ ਕੀਤੀ ਹੈ ਜੋਕਿ ਸਿੱਖ ਕੌਮ ਲਈ ਨਿਰਾਸ਼ਾਜਨਕ ਹੈ।

ਭਾਈ ਮੋਹਕਮ ਸਿੰਘ ਨੇ ਕਿਹਾ ਕਿ ਬੀਬੀ ਜਗੀਰ ਕੌਰ ਦੇ ਇਸ ਕਦਮ ਨਾਲ ਸਿਰਸਾ ਦੀ ਨਾਲਾਇਕੀ ਅਤੇ ਸੁਖਬੀਰ ਸਿੰਘ ਬਾਦਲ ਦੀ ਸੋਚ ਅਤੇ ਲਿਫ਼ਾਫਾ ਕਲਚਰ ਵੀ ਲੋਕਾਂ ਸਾਹਮਣੇ ਆ ਗਿਆ ਹੈ।ਸੁਖਬੀਰ ਸਿੰਘ ਬਾਦਲ ਦੀ ਪ੍ਰਮੁੱਖਤਾ ਸਿਰਫ਼ ਆਪਹੁਦਰਾਪਨ, ਹੰਕਾਰ ਅਤੇ ਪੰਥਕ ਸਿਧਾਂਤਾਂ ਨੂੰ ਸਿੱਧੇ ਜਾਂ ਅੱਸਿਧੇ ਤਰੀਕੇ ਨਾਲ ਢਾਹ ਲਾਉਣ ਵਿੱਚ ਹੀ ਹੈ।

ਭਾਈ ਮੋਹਕਮ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਆਪਣੀ ਬੇਅਕਲੀ ਨਾਲ ਅਜਿਹੇ ਪੰਥਕ ਗਿਆਨ ਤੋਂ ਸੱਖਣੇ ਵਿਅਕਤੀਆਂ ਨੂੰ ਪੰਥ ਦੀਆਂ ਵੱਕਾਰੀ ਸੰਸਥਾਵਾਂ ਦੇ ਮੋਹਰੀ ਬਣਾਕੇ ਪੂਰੀ ਦੁਨੀਆ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਨਾਂਮੱਤੇ ਇਤਿਹਾਸ ਨੂੰ ਬਹੁਤ ਵੱਡੀ ਢਾਹ ਲਗਾ ਰਿਹਾ ਹੈ।

ਭਾਈ ਮੋਹਕਮ ਸਿੰਘ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹਾਰੇ ਮਨਜਿੰਦਰ ਸਿੰਘ ਸਰਸਾ ਨੂੰ ਮੱਲੋ-ਮੱਲੀ ਕਮੇਟੀ ਦਾ ਪ੍ਰਧਾਨ ਬਣਾਕੇ ਥੋਪਣ ਨਾਲ ਸੁਖਬੀਰ ਬਾਦਲ ਦਾ ਲਿਫਾਫਾ ਕਲਚਰ ਵੀ ਜੱਗ-ਜ਼ਾਹਰ ਹੋਇਆ ਹੈ।

ਉਨ੍ਹਾਂ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਵਰਗੇ ਹੋਰ ਵੀ ਕਈਂ ਆਗੂ ਹਨ ਜੋ ਬਾਦਲਾਂ ਦੀ ਚਾਪਲੂਸੀ ਕਰਕੇ ਪੰਥਕ ਅਤੇ ਸਿਆਸੀ ਸਿਟਾਂ `ਤੇ ਬੈਠੇ ਹਨ।ਉਨ੍ਹਾਂ ਕਿਹਾ ਚੋਣਾਂ ਵਿੱਚ ਸਿਰਸਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ ਅਤੇ ਸਿੱਖਾਂ ਵੱਲੋਂ ਨਕਾਰੇ ਗਏ ਅਜਿਹੇ ਆਗੂ ਨੂੰ ਮੁੜ ਕਮੇਟੀ ਦਾ ਪ੍ਰਧਾਨ ਬਣਾਉਣਾ ਸੁਖਬੀਰ ਬਾਦਲ ਦਾ ਕੋਈ ਨਿੱਜੀ ਸਵਾਰਥ ਹੋ ਸਕਦਾ ਹੈ।

ਭਾਈ ਮੋਹਕਮ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੁਖਬੀਰ ਸਿੰਘ ਬਾਦਲ ਅਤੇ ਮਨਜਿੰਦਰ ਸਿੰਘ ਸਿਰਸਾ ਵਿਰੁੱਧ ਸਖਤ ਕਾਰਵਾਈ ਕਰਨ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ `ਤੇ ਬਾਦਲਾਂ ਦਾ ਪੂਰਨ ਤੌਰ `ਤੇ ਕਬਜਾ ਹੈ ਅਤੇ ਬਾਦਲ ਦਲ ਵਿੱਚ ਮਨਜਿੰਦਰ ਸਿੰਘ ਸਿਰਸਾ ਵਰਗੇ ਅਯੋਗ ਵਿਅਕਤੀ ਦੀ ਮੌਜੂਦਗੀ ਕਾਰਨ ਹੀ ਬੀਬੀ ਜਗੀਰ ਕੌਰ ਉਨ੍ਹਾਂ ਦਾ ਬਚਾਅ ਕਰ ਰਹੇ ਹਨ।

Share This Article
Leave a Comment