ਅੰਮ੍ਰਿਤਸਰ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਚ ਵਾਪਰੀ ਮੰਦਭਾਗੀ ਘਟਨਾ ਦੀ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਇਕ ਅਨਸਰ ਵੱਲੋਂ ਸਿਗਰੇਟ ਪੀ ਕੇ ਧੂਆਂ ਸੁੱਟਣ ਦੀ ਘਟਨਾ ਨਿੰਦਣਯੋਗ ਹੈ, ਜਿਸ ਨੇ ਸਿੱਖ ਸੰਗਤਾਂ ਨੇ ਹਿਰਦੇ ਵਲੂੰਧਰੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸੂਬੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਅੰਮ੍ਰਿਤ ਵੇਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਘਟਨਾ ਵਿਚ ਲੁਧਿਆਣਾ ਨਿਵਾਸੀ ਮੁਲਜ਼ਮ ਪਰਮਜੀਤ ਫੜਿਆ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਘਟਨਾ ਸਬੰਧੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪ੍ਰਬੰਧਕਾਂ ਨੇ ਮੁਲਜ਼ਮ ਵਿਰੁੱਧ ਧਾਰਾ 295-ਏ ਤਹਿਤ ਪਰਚਾ ਦਰਜ ਕਰਵਾ ਕੇ ਉਸ ਨੂੰ ਪੁਲਿਸ ਹਵਾਲੇ ਕੀਤਾ ਹੈ। ਬੀਬੀ ਜਗੀਰ ਕੌਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮ ਤੋਂ ਇਸ ਘਟਨਾ ਦੇ ਪਿੱਛੇ ਦੀ ਮਨਸ਼ਾ ਦਾ ਪਤਾ ਲਗਾ ਕੇ ਇਸ ਪਿੱਛੇ ਕੰਮ ਕਰਦੀਆਂ ਤਾਕਤਾਂ ਨੂੰ ਸੰਗਤਾਂ ਸਾਹਮਣੇ ਲਿਆਂਦਾ ਜਾਵੇ। ਉਨਾਂ ਕਿਹਾ ਕਿ ਪਹਿਲਾ ਵੀ ਕਈ ਵਾਰ ਬੇਅਦਬੀ ਦੀਆਂ ਘਟਨਾਵਾਂ ਦੇ ਮੁਲਜ਼ਮ ਫੜੇ ਜਾਣ ਦੇ ਬਾਵਜੂਦ ਘਟਨਾ ਦੇ ਪਿੱਛੇ ਦੀ ਮਨਸ਼ਾ ਸਾਹਮਣੇ ਨਹੀਂ ਆਉਂਦੀ ਜਿਸ ਕਾਰਨ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਲੇ ਦੋਸ਼ੀ ਵਿਅਕਤੀ ਅਤੇ ਇਨ੍ਹਾਂ ਪਿਛੇ ਕੰਮ ਕਰਦੀਆਂ ਸ਼ਕਤੀਆਂ ਨੂੰ ਬੇਪਰਦਾ ਕਰਕੇ ਸਖ਼ਤ ਸਜਾਵਾਂ ਦਿੱਤੀਆਂ ਜਾਣ ਜਾਣ ਤਾਂ ਕਿ ਅਜਿਹੀਆਂ ਘਟਨਾਵਾਂ ਨੂੰ ਠੱਲਿਆ ਜਾ ਸਕੇ।