ਹੈਦਰਾਬਾਦ: ਦੇਸ਼ ‘ਚ ਕੋਰੋਨਾਵਾਇਰਸ ਖ਼ਿਲਾਫ਼ ਟੀਕਾਕਰਨ ਅਭਿਆਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਜਿੱਥੇ ਕਾਂਗਰਸ ਵੱਲੋਂ ਵੈਕਸੀਨ ‘ਤੇ ਸਵਾਲ ਖੜ੍ਹੇ ਕੀਤੇ ਗਏ ਉੱਥੇ ਹੀ ਭਾਰਤ ਬਾਇਓਟੈੱਕ ਨੇ ਵੱਡਾ ਐਲਾਨ ਕੀਤਾ ਹੈ। ਕੋਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈੱਕ ਦਾ ਕਹਿਣਾ ਹੈ ਜੇਕਰ ਟੀਕਾ ਲਗਵਾਉਣ ਤੋਂ ਬਾਅਦ ਸਾਈਡ ਇਫੈਕਟ ਹੁੰਦਾ ਹੈ ਤਾਂ ਫਿਰ ਮੁਆਵਜ਼ਾ ਦਿੱਤਾ ਜਾਵੇਗਾ। ਭਾਰਤ ਬਾਇਓਟੈੱਕ ਤੋਂ ਕੇਂਦਰ ਸਰਕਾਰ ਨੇ 50 ਲੱਖ ਖੁਰਾਕਾਂ ਖਰੀਦਣ ਦਾ ਆਰਡਰ ਦਿੱਤਾ ਹੈ ਤੇ ਸ਼ਨੀਵਾਰ ਤੋਂ ਸ਼ੁਰੂ ਹੋਏ ਟੀਕਾਕਰਨ ਵਿੱਚ ਉਸ ਦਾ ਇਸਤੇਮਾਲ ਵੀ ਹੋ ਰਿਹਾ ਹੈ।
ਟੀਕਾ ਲਗਵਾਉਣ ਵਾਲੇ ਲੋਕਾਂ ਤੋਂ ਦਸਤਖਤ ਕਰਵਾਏ ਜਾਣ ਵਾਲੇ ਪੱਤਰ ਵਿੱਚ ਭਾਰਤ ਬਾਇਓਟੈਕ ਨੇ ਲਿਖਿਆ ਹੈ ਕਿ, ‘ਕਿਸੇ ਵੀ ਮਾੜੇ ਪ੍ਰਭਾਵ ਜਾਂ ਗੰਭੀਰ ਪ੍ਰਭਾਵ ਪੈਦਾ ਹੋਣ ਦੀ ਸਥਿਤੀ ਵਿੰਚ ਤੁਹਾਨੂੰ ਸਰਕਾਰ ਵਲੋਂ ਨਿਰਧਾਰਤ ਅਤੇ ਅਧਿਕਾਰਤ ਕੇਂਦਰਾਂ / ਹਸਪਤਾਲਾਂ ‘ਚ ਡਾਕਟਰੀ ਸਹਾਇਤਾ ਦਿੱਤੀ ਜਾਵੇਗੀ।’ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ, ਜੇ ਗੰਭੀਰ ਸਮੱਸਿਆ ਪੈਦਾ ਹੋ ਜਾਂਦੀ ਹੈ ਤਾਂ ਕੰਪਨੀ ਵਲੋਂ ਮੁਆਵਜ਼ਾ ਦਿੱਤਾ ਜਾਵੇਗਾ।
ਦੱਸ ਦਈਏ ਕਿ ਕੋਵੈਕਸੀਨ ਦੇ ਪਹਿਲੇ ਅਤੇ ਦੂੱਜੇ ਪੜਾਅ ਦੇ ਕਲਿਨਿਕਲ ਪ੍ਰੀਖਣ ਵਿੱਚ ਕੋਵਿਡ-19 ਦੇ ਖਿਲਾਫ ਐਂਟੀਡੋਟ ਪੈਦਾ ਹੋਣ ਦੀ ਪੁਸ਼ਟੀ ਹੋਈ ਹੈ।