ਚੰਡੀਗੜ੍ਹ, (ਅਵਤਾਰ ਸਿੰਘ): ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅੱਜ ਚੰਡੀਗੜ੍ਹ ਦੇ ਸੈਕਟਰ 17 ਵਿਚ ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਅਗਵਾਈ ਹੇਠ ਇੰਡੀਅਨ ਐਕਸਪ੍ਰੈੱਸ ਐਂਪਲਾਈਜ਼ ਯੂਨੀਅਨ, ਯੂਐਨਆਈ ਐਂਪਲਾਈਜ਼ ਯੂਨੀਅਨ, ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ, ਪੰਜਾਬੀ ਪੱਤਰਕਾਰ ਲੇਖਕ ਮੰਚ, ਪੰਜਾਬ ਯੂਨੀਅਨ ਆਫ਼ ਜਰਨਲਿਸਟ, ਇੰਡੀਅਨ ਯੂਨੀਅਨ ਆਫ ਜਰਨਲਿਸਟ, ਪੰਜਾਬ ਅਤੇ ਚੰਡੀਗਡ਼੍ਹ ਜਰਨਲਿਸਟ ਯੂਨੀਅਨ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਵਿਚ ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਨੇ ਵੀ ਕਾਲੇ ਕਾਨੂੰਨਾਂ ਖ਼ਿਲਾਫ਼ ਚੰਡੀਗਡ਼੍ਹ ਦੇ 17 ਸੈਕਟਰ ਵਿਖੇ ਧਰਨਿਆਂ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਹੈ ਕਿ ਯੂਨੀਅਨ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਨਿਖੇਧੀ ਕਰਦੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨੇ ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰੇ। ਕਿਸਾਨ ਪਿਛਲੇ ਬਾਰਾਂ ਦਿਨਾਂ ਤੋਂ ਠੰਢ ਦੇ ਮੌਸਮ ਦੌਰਾਨ ਸੜਕਾਂ ‘ਤੇ ਆਪਣੇ ਘਰ ਬਾਰ ਛੱਡ ਕੇ ਬੈਠੇ ਹਨ, ਪਰ ਸਰਕਾਰ ਅੜੀਅਲ ਰਵੱਈਏ ਨੂੰ ਨਹੀਂ ਛੱਡ ਰਹੀ। ਆਗੂਆਂ ਨੇ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਖਾਤਰ ਪੂਰੇ ਦੇਸ਼ ਦਾ ਘਾਣ ਕਰ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਕਾਲੇ ਕਾਨੂੰਨਾਂ ਕਾਰਨ ਹਰ ਵਰਗ ਦਾ ਘਾਣ ਹੋਣਾ ਨਿਸ਼ਚਿਤ ਹੈ ਇਸ ਲਈ ਸਰਕਾਰ ਨੂੰ ਤੁਰੰਤ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।
ਇਸ ਮੌਕੇ ਪ੍ਰਦਰਸ਼ਨ ਵਿੱਚ ਪ੍ਰਧਾਨ ਸ਼ਿਆਮ ਨਾਡਾ ਚੇਅਰਮੈਨ ਸੁਖਵਿੰਦਰ ਸਿੰਘ ਬਾਸੀਆਂ ਤੇ ਜਸਵੀਰ ਸਿੰਘ ਨਰੈਣਾ, ਸੰਤ ਸਿੰਘ ਕੁਰੜੀ, ਬਲਵਿੰਦਰ ਸਿੰਘ ਬੀੜ ਪ੍ਰਧਾਨ ਮੋਹਾਲੀ, ਸਤਪਾਲ ਸਿੰਘ ਸਵਾੜਾ, ਦਲਜੀਤ ਸਿੰਘ, ਮਨਾਣਾ ਭਗਤ ਸਿੰਘ ਕੰਸਾਲਾ, ਹਰਜੰਗ ਸਿੰਘ, ਜਸਵੀਰ ਸਿੰਘ ਢਕੋਰਾਂ, ਸੁਭਾਸ਼ ਗੋਚਰ, ਮਨਜੀਤ ਸਿੰਘ ਪ੍ਰਧਾਨ ਜ਼ੀਰਕਪੁਰ, ਨਰਿੰਦਰ ਸਿੰਘ ਸਿਆਊ, ਮਨਜੀਤ ਸਿੰਘ ਹੁਲਕਾ, ਸੁਰਿੰਦਰ ਸਿੰਘ ਬਰਿਆਲੀ, ਸਾਹਬ ਸਿੰਘ ਮੌਲੀ, ਸ਼ਿਆਮ ਲਾਲ ਝਿਊਰਹੇੜੀ, ਅਜਾਇਬ ਨਾਡਾ, ਹਰਦੀਪ ਸਿੰਘ ਮਟੌਰ, ਜਗਤਾਰ ਸਿੰਘ, ਪ੍ਰੇਮ ਸਿੰਘ ਬੁੜੈਲ, ਗੋਲਡੀ ਮਹਿਦੂਦਾਂ ਆਦਿ ਹਾਜ਼ਰ ਸਨ।