ਚੰਡੀਗੜ੍ਹ : ਪੰਜਾਬ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਕਰਮਚਾਰੀਆਂ ਸਮੇਤ ਠੇਕਾ ਆਧਾਰਿਤ (ਕੰਟਰੈਕਟ) ਅਤੇ ਆਊਟ ਸੋਰਸਿੰਗ ‘ਤੇ ਆਧਾਰਿਤ ਕੱਚੇ ਮੁਲਾਜ਼ਮਾਂ ਨੂੰ ‘ਕੋਰੋਨਾ ਸ਼ਹੀਦ’ ਵਜੋਂ 50 ਲੱਖ ਰੁਪਏ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਮਾਨ ਨੇ ਕਿਹਾ ਇਹ ਆਮ ਆਦਮੀ ਪਾਰਟੀ ਵੱਲੋਂ ਪੀਆਰਟੀਸੀ ਦੇ ਮ੍ਰਿਤਕ ਡਰਾਈਵਰ ਮਨਜੀਤ ਸਿੰਘ ਦੇ ਹੱਕ ‘ਚ ਵਿੱਢੀ ਮੁਹਿੰਮ ‘ਮੈਂ ਵੀ ਮਨਜੀਤ ਸਿੰਘ ਹਾਂ’ ਦੀ ਇੱਕ ਵੱਡੀ ਜਿੱਤ ਹੈ।
ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਦਾ ਕੰਮ ਲੋਕਾਂ ਦੀ ਸਮੱਸਿਆਵਾਂ ਨੂੰ ਸਰਕਾਰਾਂ ਤੱਕ ਪਹੁੰਚਾਉਣਾ ਹੁੰਦਾ ਹੈ। ਜਿਸ ਦੇ ਚੱਲਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਇਕਾਈ ਨੇ ਕੋਰੋਨਾ ਮਹਾਂਮਾਰੀ ਦੌਰਾਨ ਸ੍ਰੀ ਹਜ਼ੂਰ ਸਾਹਿਬ ‘ਚ ਫਸੀ ਸੰਗਤ ਨੂੰ ਲੈਣ ਜਾ ਰਹੇ ਪੀਆਰਟੀਸੀ ਦੇ ਡਰਾਈਵਰ ਮਨਜੀਤ ਸਿੰਘ ਦੀ ਰਸਤੇ ‘ਚ ਮੌਤ ਹੋ ਜਾਣ ਤੋਂ ਬਾਅਦ ਮ੍ਰਿਤਕ ਮਨਜੀਤ ਸਿੰਘ (ਡਰਾਈਵਰ) ਲਈ 50 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਅਤੇ ਪਰਿਵਾਰ ਦੇ ਇੱਕ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਸੀ। ਜਦ ਕਿ ਸਰਕਾਰ ਵੱਲੋਂ ਮ੍ਰਿਤਕ ਡਰਾਈਵਰ ਦੇ ਪਰਿਵਾਰ ਨੂੰ ਸਿਰਫ਼ 10 ਲੱਖ ਰੁਪਏ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪਹਿਲੀ ਮਈ (ਮਜ਼ਦੂਰ ਦਿਵਸ) ਉੱਤੇ ਪੰਜਾਬ ਭਰ ‘ਚ ‘ਮੈਂ ਵੀ ਮਨਜੀਤ ਸਿੰਘ ਹਾਂ’ ਮੁਹਿੰਮ ਵਿੱਢੀ ਸੀ।
ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਵਜੋਂ ‘ਆਪ’ ਵੱਲੋਂ ਵਿੱਢੀ ਉਸ ਮੁਹਿੰਮ ਦਾ ਸਕਾਰਾਤਮਿਕ ਅਸਰ ਇਹ ਰਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ (ਐਤਵਾਰ) ਨੂੰ ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਲੜ ਰਹੇ ਕੋਰੋਨਾ ਯੋਧਿਆਂ ਨੂੰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮਾਨ ਨੇ ਕਿਹਾ ਕਿ ਜਦੋਂ ਸਰਕਾਰ ਲੋਕ ਹਿੱਤ ‘ਚ ਕੋਈ ਕਦਮ ਨਹੀਂ ਉਠਾਉਂਦੀ ਤਾਂ ਸਰਕਾਰ ਦੀ ਆਲੋਚਨਾ ਕਰਨਾ ਵਿਰੋਧੀ ਧਿਰ ‘ਆਪ’ ਦੀ ਡਿਊਟੀ ਹੈ, ਪਰੰਤੂ ਜਦੋਂ ਸਰਕਾਰ ਲੋਕ ਹਿੱਤ ‘ਚ ਕੋਈ ਕਦਮ ਉਠਾਉਂਦੀ ਹੈ ਤਾਂ ਆਮ ਆਦਮੀ ਪਾਰਟੀ ਸਰਕਾਰ ਦੇ ਉਸ ਫ਼ੈਸਲੇ ਦੀ ਸ਼ਲਾਘਾ ਕਰਨ ‘ਚ ਵੀ ਕੋਈ ਗੁਰੇਜ਼ ਨਹੀਂ ਕਰੇਗੀ।