ਚੰਡੀਗੜ੍ਹ – ਆਮ ਆਦਮੀ ਪਾਰਟੀ ਦੇ ਸੀਐੱਮ ਚਿਹਰਾ ਭਗਵੰਤ ਮਾਨ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਭਗਵੰਤ ਮਾਨ ਨੇ ਆਪਣੀ ਮਾਂ ਦੇ ਨਾਲ ਰਿਟਰਨਿੰਗ ਅਫ਼ਸਰ ਦੇ ਦਫਤ ਪਹੁੰਚ ਕੇ ਧੁਰੀ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਭਰਿਆ।
ਭਗਵੰਤ ਮਾਨ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਅਤੇ ਸੰਗਰੂਰ ਤੋਂ ਚੋਣ ਜਿੱਤੇ। ਆਮ ਆਦਮੀ ਪਾਰਟੀ ਵੱਲੋਂ ਮਾਨ 2019 ਦੀਆਂ ਲੋਕ ਸਭਾ ਚੋਣਾਂ ਜਿੱਤ ਇਕਲੌਤੇ ਮੈਂਬਰ ਪਾਰਲੀਮੈਂਟ ਬਣੇ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿੱਚ ਚੱਲ ਰਹੀ ਟੁੱਟ-ਭੱਜ ਨੂੰ ਰੋਕਣ ਲਈ ਭਗਵੰਤ ਮਾਨ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ। ਲੰਮੇ ਸਮੇਂ ਤੋਂ ਪਾਰਟੀ ਦਾ ਸੀਐਮ ਦਾ ਚਿਹਰਾ ਐਲਾਨਣ ਦਾ ਸਵਾਲ ਉੱਠਦਾ ਰਿਹਾ ਹੈ ਤੇ ਪਿਛਲੇ ਦਿਨੀਂ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਉਹਨਾਂ ਨੂੰ ਸੀਐੱਮ ਉਮੀਦਵਾਰ ਐਲਾਨਿਆ ਗਿਆ।
ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦਾ ਚਿਹਰਾ ਤੈਅ ਕਰਨ ਲਈ ਪੰਜਾਬ ਦੇ ਲੋਕਾਂ ਦੀ ਰਾਇ ਮੰਗੀ ਸੀ ਤੇ ਇਸ ਲਈ ਇੱਕ ਫ਼ੋਨ ਨੰਬਰ ਜਾਰੀ ਕੀਤਾ ਗਿਆ ਸੀ। ਪਾਰਟੀ ਨੇ ਇਸ ਮੁਹਿੰਮ ਦਾ ਨਾਂ ‘ਜਨਤਾ ਚੁਣੇਗੀ ਆਪਣਾ ਮੁੱਖ ਮੰਤਰੀ’ ਰੱਖਿਆ ਸੀ। ਆਮ ਆਦਮੀ ਪਾਰਟੀ ਦੇ ਦਾਅਵੇ ਮੁਤਾਬਕ ਜਾਰੀ ਕੀਤੇ ਗਏ ਫੋਨ ਨੰਬਰ ਤੇ 4 ਦਿਨਾਂ ਦੇ ਅੰਦਰ 22 ਲੱਖ ਲੋਕਾਂ ਨੇ ਫੋਨ ਕਾਲ, ਮੈਸੇਜ ਅਤੇ ਵਟਸਐਪ ਰਾਹੀਂ ਪਾਰਟੀ ਨੂੰ ਆਪਣੀ ਰਾਇ ਦਿੱਤੀ ਤੇ ਜਿਸ ਨੂੰ ਆਧਾਰ ਬਣਾ ਕੇ ਪਾਰਟੀ ਨੇ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨਿਆ।
ਜ਼ਿਕਰਯੋਗ ਹੈ ਕਿ ਭਗਵੰਤ ਮਾਨ ਪਾਰਲੀਮੈਂਟ ਵਿੱਚ ਆਪਣੇ ਹੀ ਅੰਦਾਜ਼ ‘ਚ ਪੰਜਾਬ ਦੇ ਮੁੱਦਿਆਂ ਤੇ ਆਵਾਜ਼ ਉਠਾਉਂਦੇ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਪਿਛਲੀ ਵਾਰ ਸੌ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਗਿਆ ਸੀ ਪਰ ਉਹ 20 ਸੀਟਾਂ ਤੇ ਹੀ ਸਿਮਟ ਕੇ ਰਹਿ ਗਏ ਸਨ ਤੇ ਉਸ ਤੋਂ ਬਾਅਦ ਉਨ੍ਹਾਂ ਦੇ ਕਈ ਵਿਧਾਇਕ ਉਨ੍ਹਾਂ ਨੂੰ ਛੱਡ ਗਏ ਸਨ। ਇਸ ਵਾਰ ਫਿਰ ਤੋਂ ਇੱਕ ਵਾਰ ਆਮ ਆਦਮੀ ਪਾਰਟੀ ਦੂਜੀਆਂ ਰਵਾਇਤੀ ਪਾਰਟੀਆਂ ਤੋਂ ਅੱਕੇ ਲੋਕਾਂ ਵੱਲੋਂ ਉਨ੍ਹਾਂ ਦੀ ਪਾਰਟੀ ਨੂੰ ਤਰਜੀਹ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਦੇ ਆਪਣੇ ਹਲਕੇ ਚ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ ਹੈ