ਭਗਵੰਤ ਮਾਨ ਹੁਣ ਤੱਕ ਪੰਜਾਬ ਦੇ ਸਭ ਤੋਂ ਮਾੜੇ ਮੁੱਖ ਮੰਤਰੀ ਸਾਬਤ ਹੋਏ: ਸੁਖਬੀਰ ਸਿੰਘ ਬਾਦਲ

Global Team
4 Min Read

ਫਰੀਦਕੋਟ/ਫਿਰੋਜ਼ਪੁਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਤੋਂ ਮਾੜੇ ਮੁੱਖ ਮੰਤਰੀ ਹੋਣ ਦੀ ਵਿਲੱਖਣ ਪ੍ਰਾਪਤੀ ਕੀਤੀ ਹੈ ਜਿਸਨੇ ਨਾ ਸਿਰਫ ਸੂਬੇ ਨੂੰ ਕੰਗਾਲ ਕੀਤਾ ਬਲਕਿ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਸੂਬੇ ਦੇ ਸਰੋਤ ਵੀ ਲੁੱਟ ਲਏ।

ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੂੰ ਪੰਜਾਬ ਬਚਾਓ ਯਾਤਰਾ ਤਹਿਤ ਫਰੀਦਕੋਟ ਅਤੇ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕਿਆਂ ਵਿਚ ਲਾਮਿਸਾਲ ਹੁੰਗਾਰਾ ਮਿਲਿਆ, ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਦਾ ਸਰਕਾਰੀ ਖ਼ਜ਼ਾਨਾ ਲੁੱਟਿਆ ਤਾਂ ਜੋ ਆਪ ਦਾ ਖ਼ਜ਼ਾਨਾ ਭਰਿਆ ਜਾ ਸਕੇ ਤੇ ਇਸਦਾ ਹੋਰ ਰਾਜਾਂ ਵਿਚ ਪਸਾਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਆਪਣੀ ਕੁਰਸੀ ਬਚਾਉਣ ਵਾਸਤੇ ਅਜਿਹਾ ਕਰਨ ਵਾਸਤੇ ਮਜਬੂਰ ਕਰ ਰਹੇ ਹਨ ਅਤੇ ਉਹ ਕਠਪੁਤਲੀ ਵਾਂਗ ਵਿਹਾਰ ਕਰ ਰਹੇ ਹਨ ਅਤੇ ਉਹਨਾਂ ਨੂੰ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਦੀ ਕੋਈ ਪਰਵਾਹ ਨਹੀਂ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪ ਸਰਕਾਰ ਦੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਵਿਕਾਸ ਦਾ ਕੋਈ ਇਕ ਵੀ ਕੰਮ ਕੀਤਾ ਹੋਇਆ ਵਿਖਾਉਣ ਦੀ ਚੁਣੌਤੀ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੀ ਸਿਰਜਣਾ ਦੀ ਤਾਂ ਗੱਲ ਹੀ ਛੱਡੋ ਲੋਕਾਂ ਨੂੰ ਤਾਂ ਬੁਨਿਆਦੀ ਨਾਗਰਿਕ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਉਹਨਾਂ ਕਿਹਾ ਕਿ ਸਾਰੇ ਸਮਾਜ ਭਲਾਈ ਲਾਭ ਜਾਂ ਤਾਂ ਕੱਟ ਦਿੱਤੇ ਗਏ ਹਨ, ਜਾਂ ਰੋਕ ਦਿੱਤੇ ਗਏ ਹਨ ਜਾਂ ਫਿਰ ਖਤਮ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਲੋਕ ਰੋਜ਼ ਮੇਰੇ ਕੋਲ ਆ ਕੇ ਸ਼ਿਕਾਇਤਾਂ ਕਰਦੇ ਹਨ ਕਿ ਉਹਨਾਂ ਦੇ ਮੋਟੇ-ਮੋਟੇ ਬਿਜਲੀ ਬਿੱਲ ਆ ਰਹੇ ਹਨ ਅਤੇ ਕਿਵੇਂ ਉਹਨਾਂ ਦੇ ਨਾਂ ਆਟਾ ਦਾਲ ਤੇ ਬੁਢਾਪਾ ਪੈਨਸ਼ਨ ਸਕੀਮ ਵਰਗੇ ਸਮਾਜ ਭਲਾਈ ਲਾਭਾਂ ਵਿਚੋਂ ਕੱਟ ਦਿੱਤੇ ਗਏ ਹਨ।

ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸੂਬੇ ਨੂੰ ਦਿੱਲੀ ਦੇ ਲੁਟੇਰਿਆਂ ਤੋਂ ਬਚਾਉਣ ਵਾਸਤੇ ਉਹ ਇਕਜੁੱਟ ਹੋ ਜਾਣ ਅਤੇ ਕਿਹਾ ਕਿ ਇਸ ਸਰਕਾਰ ਨੇ ਦੋ ਸਾਲਾਂ ਵਿਚ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਪਰ ਉਸ ਕੋਲ ਕਾਰਗੁਜ਼ਾਰੀ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ ਹੈ।

ਉਹਨਾਂ ਕਿਹਾ ਕਿ ਹੁਣ ਸਰਕਾਰ ਪੰਜਾਬੀਆਂ ਲਈ ਕੁਝ ਕਰਨ ਦੀ ਥਾਂ ’ਤੇ ਇਸ਼ਤਿਹਾਰਬਾਜ਼ੀ ਤੇ ਸਸਤੇ ਲੋਕ ਤਮਾਸ਼ਿਆਂ ’ਤੇ ਨਿਰਭਰ ਹੈ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਪੰਜਾਬ ਵਿਚੋਂ 20 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਰ ਰਾਜਾਂ ਵਿਚ ਹਿਜ਼ਰਤ ਕਰ ਗਿਆ ਹੈ ਅਤੇ ਕੋਈ ਵੀ ਬਾਹਰੋਂ ਆ ਕੇ ਪੰਜਾਬ ਵਿਚ ਨਿਵੇਸ਼ ਕਰਨ ਲਈ ਤਿਆਰ ਨਹੀਂ ਹੈ ਕਿਉਂਕਿ ਇਥੇ ਕਾਨੂੰਨ ਵਿਵਸਥਾ ਢਹਿ ਢੇਰੀ ਹੋ ਗਈ ਹੈ ਅਤੇ ਗੈਂਗਸਟਰ ਰਾਜ ਹੈ।
ਅਕਾਲੀ ਦਲ ਦੇ ਪ੍ਰਧਾਨ ਨੂੰ ਫਰੀਦਕੋਟ ਵਿਚ ਲਾਮਿਸਾਲ ਹੁੰਗਾਰਾ ਮਿਲਿਆ ਜਿਥੇ ਉਹਨਾਂ ਪਰਮਬੰਸ ਸਿੰਘ ਰੋਮਾਣਾ ਦੇ ਨਾਲ ਰਲ ਕੇ ਖੁੱਲ੍ਹੀ ਜੀਪ ਵਿਚ ਸਵਾਰ ਹੋ ਕੇ ਯਾਤਰਾ ਵਿਚ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਥਾਵਾਂ ’ਤੇ ਪ੍ਰੋਗਰਾਮਾਂ ਨੂੰ ਸੰਬੋਧਨ ਕੀਤਾ। ਉਹ ਰਾਹ ਵਿਚ ਪਿੰਡ ਪਿਪਲੀ ਵਿਖੇ ਉਸ ਸੇਵਾ ਕੇਂਦਰ ’ਤੇ ਵੀ ਰੁਕੇ ਜੋ ਬੰਦ ਕਰ ਦਿੱਤਾ ਗਿਆ ਹੈ ਤੇ ਦੱਸਿਆ ਕਿ ਕਿਵੇਂ ਅਕਾਲੀ ਸਰਕਾਰ ਵੇਲੇ ਲੋਕਾਂ ਨੂੰ ਇਕ ਬਟਨ ਦਬਾਓਣ ’ਤੇ ਸਾਰੀਆਂ ਸੇਵਾਵਾਂ ਮਿਲ ਜਾਂਦੀਆਂ ਸਨ ਤੇ ਹੁਣ ਇਹ ਨਹੀਂ ਮਿਲ ਰਹੀਆਂ।

ਫਿਰੋਜ਼ਪੁਰ ਦਿਹਾਤੀ ਵਿਚ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਜੋਗਿੰਦਰ ਸਿੰਘ ਜਿੰਦੂ ਸਨ, ਤੇ ਇਥੇ ਵੀ ਹਜ਼ਾਰਾਂ ਲੋਕ ਉਹਨਾਂ ਨੂੰ ਮਿਲਣ ਲਈ ਸੜਕਾਂ ’ਤੇ ਨਿਤਰ ਆਏ। ਇਸ ਮੌਕੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਸਟਾਫ ਨੇ ਵੀ ਅਕਾਲੀ ਦਲ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਕਿਵੇਂ ਪਿਛਲੇ ਛੇ ਮਹੀਨਿਆਂ ਤੋਂ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ। ਉਹਨਾਂ ਨੇ ਆਪ ਸਰਕਾਰ ਦੇ ਵਤੀਰੇ ਨੂੰ ਅਤਿ ਨਿੰਦਣਯੋਗ ਤੇ ਘਿਨੌਣਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਜੇਕਰ ਅਧਿਆਪਕਾਂ ਪ੍ਰਤੀ ਸਰਕਾਰ ਦਾ ਇਹ ਵਤੀਰਾ ਹੈ ਤਾਂ ਫਿਰ ਅਸੀਂ ਇਸ ਤੋਂ ਹੋਰ ਆਸ ਕੀ ਕਰ ਸਕਦੇ ਹਾਂ ?

Share This Article
Leave a Comment