ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸਾ ਆਲਮ ਨੂੰ ਲੈ ਕੇ ਭਗਵੰਤ ਮਾਨ ਨੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਭਗਵੰਤ ਮਾਨ ਨੇ ਅਰੂਸਾ ਆਲਮ ਦੀ ਭਾਰਤ ਵਿੱਚ ਰਿਹਾਇਸ਼ ਨੂੰ ਲੈ ਕੇ ਸਵਾਲ ਖੜ੍ਹੇ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ।
ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਿਸਾਬ ਦੇਣ ਕਿ ਅਰੂਸਾ ਆਲਮ ਦਾ ਵੀਜ਼ਾ ਕਦੋਂ ਅਤੇ ਕਿਵੇਂ ਮਿਲਿਆ ਅਤੇ ਇਹ ਵੀ ਦੱਸਣ ਕਿ ਕਿਹੜੀ ਕਿਹੜੀ ਜਗ੍ਹਾ ਦਾ ਅਰੂਸਾ ਆਲਮ ਨੂੰ ਵੀਜ਼ਾ ਦਿੱਤਾ ਗਿਆ।
ਭਗਵੰਤ ਮਾਨ ਨੇ ਆਪਣੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਦੋਂ ਮੇਰਾ ਵਿਆਹ ਸੀ ਤਾਂ ਮੇਰਾ ਰਿਸ਼ਤੇਦਾਰ ਇੱਕ ਪਾਕਿਸਤਾਨੀ ਸੀ ਤੇ ਉਸ ਨੇ ਚੰਡੀਗੜ੍ਹ ਦਾ ਵੀਜ਼ਾ ਲਿਆ ਸੀ ਫਿਰ ਲੁਧਿਆਣਾ ਜਾਣਾ ਸੀ ਤਾਂ ਲੁਧਿਆਣੇ ਦਾ ਵੀਜ਼ਾ ਲਿਆ ਗਿਆ। ਜਿਸ ਜਗ੍ਹਾ ਤੇ ਵੀ ਜਾਣਾ ਹੁੰਦਾ ਸੀ ਉਸ ਜਗ੍ਹਾ ਦਾ ਮੌਕੇ ਤੇ ਹੀ ਵੀਜ਼ਾ ਲਿਆ ਜਾਂਦਾ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਆਪਣੀ ਮਹਿਲਾ ਮਿੱਤਰ ਨੂੰ ਕਿਸ ਵੀਜ਼ੇ ਤੇ ਰੱਖ ਰਹੇ ਨੇ ਇਸ ਦਾ ਉਨ੍ਹਾਂ ਨੇ ਕਦੀ ਵੀ ਜ਼ਿਕਰ ਨਹੀਂ ਕੀਤਾ। ਹੁਣ ਭਗਵੰਤ ਮਾਨ ਨੇ ਕਿਹਾ ਕਿ ਅਰੂਸਾ ਆਲਮ ਦੇ ਵੀਜ਼ੇ ਸਬੰਧੀ ਉਹ ਲੋਕ ਸਭਾ ਦੇ ਵਿੱਚ ਵੀ ਆਵਾਜ਼ ਚੁੱਕਣਗੇ ਅਤੇ ਇਸ ਦੀ ਸ਼ਿਕਾਇਤ ਗ੍ਰਹਿ ਮੰਤਰਾਲੇ ਨੂੰ ਕਰਨਗੇ।
ਭਗਵੰਤ ਮਾਨ ਨੇ ਇਹ ਆਵਾਜ਼ ਇਸ ਲਈ ਚੁੱਕੀ ਜਦੋਂ ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ‘ਤੇ ਵਿਵਾਦਿਤ ਬਿਆਨ ਦਿੱਤਾ ਸੀ ਕਿਹਾ ਸੀ ਕੇ ਸਵੇਰੇ ਗਿਆ ਸ਼ਰਧਾਲੂ ਸ਼ਾਮ ਨੂੰ ਅੱਤਵਾਦੀ ਬਣ ਕੇ ਵੀ ਆ ਸਕਦਾ ਹੈ। ਹਾਲਾਂਕਿ ਡੀਜੀਪੀ ਨੇ ਇਸ ‘ਤੇ ਮੁਆਫ਼ੀ ਮੰਗੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ਤੇ ਅਫਸੋਸ ਜਤਾਇਆ ਸੀ। ਇਸ ‘ਤੇ ਭਗਵੰਤ ਮਾਨ ਨੇ ਸਵਾਲ ਖੜ੍ਹਾ ਕੀਤਾ ਕਿ ਜੇਕਰ ਛੇ ਘੰਟੇ ਦੇ ਵਿੱਚ ਕੋਈ ਅੱਤਵਾਦੀ ਬਣ ਸਕਦੈ ਤਾਂ ਅਰੂਸਾ ਆਲਮ ਜੋ ਪਿਛਲੇ ਛੇ ਸਾਲਾਂ ਤੋਂ ਭਾਰਤ ਵਿੱਚ ਰਹਿ ਰਹੀ ਹਨ ਉਸ ਬਾਰੇ ਕੈਪਟਨ ਅਮਰਿੰਦਰ ਸਿੰਘ ਦਾ ਕੀ ਸਟੈਂਡ ਹੈ ?