ਹਰ ਸਕੂਲ ‘ਚ ਪੜ੍ਹਾਈ ਜਾਣੀ ਚਾਹੀਦੀ ਭਗਵਦ ਗੀਤਾ: ਅਨਿਲ ਵਿਜ

Global Team
3 Min Read

ਚੰਡੀਗੜ੍ਹ: ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਸੋਮਵਾਰ, 21 ਜੁਲਾਈ 2025 ਨੂੰ ਕਿਹਾ ਕਿ ਸ਼੍ਰੀਮਦ  ਭਗਵਦ ਗੀਤਾ ਸਾਡੀ ਸੰਸਕ੍ਰਿਤੀ, ਧਰਮ ਅਤੇ ਵਿਚਾਰਧਾਰਾ ਦਾ ਹਿੱਸਾ ਹੈ, ਇਸ ਲਈ ਹਰ ਸਕੂਲ ਵਿੱਚ ਇਸ ਦੀ ਪੜ੍ਹਾਈ ਹੋਣੀ ਚਾਹੀਦੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਉੱਤਰਾਖੰਡ ਵਾਂਗ ਹਰਿਆਣਾ ਦੇ ਸਕੂਲਾਂ ਵਿੱਚ ਗੀਤਾ ਦੀ ਪੜ੍ਹਾਈ ਸਬੰਧੀ ਸਵਾਲ ਦੇ ਜਵਾਬ ਵਿੱਚ ਵਿਜ ਨੇ ਕਿਹਾ ਕਿ ਹਰਿਆਣਾ ਦੀ ਧਰਤੀ ‘ਤੇ ਭਗਵਾਨ ਸ਼੍ਰੀਕ੍ਰਿਸ਼ਨ ਨੇ ਅਰਜੁਨ ਨੂੰ ਗੀਤਾ ਦਾ ਸੰਦੇਸ਼ ਦਿੱਤਾ ਸੀ। ਇਸ ਲਈ ਹਰਿਆਣਾ ਦੇ ਬੱਚਿਆਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਸ਼੍ਰੀਕ੍ਰਿਸ਼ਨ ਨੇ ਗੀਤਾ ਵਿੱਚ ਅਰਜੁਨ ਨੂੰ ਕਿਹੜਾ ਗਿਆਨ ਦਿੱਤਾ।

ਰਾਹੁਲ ਗਾਂਧੀ ‘ਤੇ ਸਖ਼ਤ ਟਿੱਪਣੀ

ਅਨਿਲ ਵਿਜ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ‘ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ 140 ਕਰੋੜ ਲੋਕਾਂ, ਭਾਰਤੀ ਸੈਨਾ ਅਤੇ ਪ੍ਰਧਾਨ ਮੰਤਰੀ ‘ਤੇ ਵਿਸ਼ਵਾਸ ਨਹੀਂ ਹੈ, ਪਰ ਉਹ ਪਾਕਿਸਤਾਨ ‘ਤੇ ਵਿਸ਼ਵਾਸ ਰੱਖਦੇ ਹਨ। ਵਿਜ ਨੇ ਕਿਹਾ ਕਿ ਰਾਹੁਲ ਗਾਂਧੀ ਓਹੀ ਗੱਲਾਂ ਕਰਦੇ ਹਨ, ਜਿਨ੍ਹਾਂ ‘ਤੇ ਪਾਕਿਸਤਾਨ ਨੂੰ ਵਿਸ਼ਵਾਸ ਹੈ। ਉਨ੍ਹਾਂ ਨੇ ਵਿਰੋਧੀ ਧਿਰ ਦੇ ਇਸ ਦਾਅਵੇ ‘ਤੇ ਵੀ ਨਿਸ਼ਾਨਾ ਸਾਧਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ-ਪਾਕਿਸਤਾਨ ਵਿਚਕਾਰ ਯੁੱਧ ਵਿਰਾਮ ਦੀ ਗੱਲਬਾਤ ਕਰਵਾਈ ਸੀ। ਵਿਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੀ ਕੋਈ ਗੱਲਬਾਤ ਟਰੰਪ ਨੇ ਨਹੀਂ ਕਰਵਾਈ, ਅਤੇ ਪਾਕਿਸਤਾਨ ਦੇ ਉਪ-ਪ੍ਰਧਾਨ ਮੰਤਰੀ ਨੇ ਵੀ ਇਸ ਦੀ ਪੁਸ਼ਟੀ ਕੀਤੀ। ਵਿਜ ਨੇ ਤੰਜ਼ ਕੱਸਦਿਆਂ ਕਿਹਾ, “ਜੇ ਸਾਡੀ ਗੱਲ ਨਹੀਂ ਮੰਨਦੇ, ਤਾਂ ਪਾਕਿਸਤਾਨ ਦੀ ਗੱਲ ਹੀ ਮੰਨ ਲਓ।”

ਸੜਕਾਂ ‘ਤੇ ਵਿਘਨ ਨਾ ਪਾਉਣ ਦੀ ਅਪੀਲ

ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ਦੇ ਸਾਹਮਣੇ ਫਲਾਈਓਵਰ ਦੇ ਹੇਠਾਂ ਪਾਰਕਿੰਗ ਸਬੰਧੀ ਸਵਾਲ ਦੇ ਜਵਾਬ ਵਿੱਚ ਅਨਿਲ ਵਿਜ ਨੇ ਕਿਹਾ ਕਿ ਰੇਹੜੀ-ਰਿਕਸ਼ਾ ਲਗਾ ਕੇ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਉਣ-ਲਿਖਾਉਣ ਅਤੇ ਦੇਸ਼ ਨੂੰ ਅੱਗੇ ਵਧਾਉਣ ਦਾ ਕੰਮ ਕਰਦੇ ਹਨ, ਜੋ ਚੰਗੀ ਗੱਲ ਹੈ। ਪਰ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਰੇਹੜੀ-ਰਿਕਸ਼ਾ ਜਾਂ ਕੋਈ ਹੋਰ ਗਤੀਵਿਧੀ ਨਾਲ ਸੜਕਾਂ ‘ਤੇ ਆਵਾਜਾਈ ਵਿੱਚ ਵਿਘਨ ਨਹੀਂ ਪੈਣਾ ਚਾਹੀਦਾ। ਉਨ੍ਹਾਂ ਨੇ ਅੰਬਾਲਾ ਸ਼ਹਿਰ ਵਿੱਚ ਸੜਕ ‘ਤੇ ਲੰਗਰ ਦੌਰਾਨ ਹੋਏ ਹਾਦਸੇ ਦੀ ਮਿਸਾਲ ਦਿੱਤੀ, ਜਿਸ ਵਿੱਚ ਟਰੱਕ ਦੀ ਟੱਕਰ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਵਿਜ ਨੇ ਅਪੀਲ ਕੀਤੀ ਕਿ ਲੋਕ ਸੜਕਾਂ ਨੂੰ ਖਾਲੀ ਰੱਖਣ ਅਤੇ ਆਪਣਾ ਕੰਮ-ਧੰਦਾ ਸੁਰੱਖਿਅਤ ਢੰਗ ਨਾਲ ਕਰਨ।

Share This Article
Leave a Comment