ਭਗਤ ਹੇਤ ਗਾਵੈ ਰਵੀਦਾਸਾ… ਭਗਤ ਰਵੀਦਾਸ ਜੀ ਦੇ ਜਨਮ ਦਿਹਾੜੇ ‘ਤੇ ਵਿਸ਼ੇਸ਼

TeamGlobalPunjab
3 Min Read

ਡਾ. ਗੁਰਦੇਵ ਸਿੰਘ

ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ, ਸਮਾਜ ਵਿੱਚ ਫੈਲੀਆਂ ਬੁਰਾਈਆਂ ਉਚ-ਨੀਚ, ਛੂਤ-ਛਾਤ, ਭੇਖਾਂ-ਪਖੰਡਾਂ, ਨਾ-ਬਰਾਬਰੀ ਦਾ ਜ਼ੋਰਦਾਰ ਖੰਡਨ ਕਰਨ ਵਾਲੇ ਭਗਤ ਰਵਿਦਾਸ ਜੀ ਦਾ ਅੱਜ ਜਨਮ ਦਿਹਾੜਾ ਹੈ । ਹਵਾਲਿਆਂ ਅਨੁਸਾਰ ਭਗਤ ਰਵੀਦਾਸ ਜੀ ਦਾ ਜਨਮ ਮਾਤਾ ਧੁਰਬਿਨੀਆਂ ਦੀ ਕੁਖੋਂ ਪਿਤਾ ਰਘੂ ਜੀ ਦੇ ਗ੍ਰਹਿ ਕਾਸ਼ੀ, ਬਨਾਰਸ ਵਿੱਚ ਹੋਇਆ। ਭਗਤ ਰਵੀਦਾਸ ਜੀ ਦੁਆਰਾ ਰਚਿਤ ਬਾਣੀ ਦੇ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 16 ਰਾਗਾਂ ਅਧੀਨ ਅੰਕਿਤ ਹਨ।

ਭਗਤ ਰਵੀਦਾਸ ਜੀ ਨਾਲ ਕਈ ਸਾਖੀਆਂ ਪ੍ਰਚਲਿਤ ਹਨ ਜੋ ਭਗਤ ਰਵੀਦਾਸ ਜੀ ਦੀ ਮਹਾਨਤਾ ਨੂੰ ਦਰਸਾਉਂਦੀਆਂ ਹਨ। ਅਜਿਹੀ ਹੀ ਇੱਕ ਸਾਖੀ ਚਿਤੌੜ ਦੇ ਰਾਜ ਦਰਬਾਰ ਨਾਲ ਸੰਬੰਧਤ ਹੈ । ਚਿਤੌਂੜ ਦੀ ਰਾਣੀ ਝਾਲਾਂ ਬਾਈ ਭਗਤ ਰਵੀਦਾਸ ਜੀ ਦੀ ਉਪਾਸਕ ਸੀ। ਇੱਕ ਵਾਰ ਉਸ ਨੇ ਭਗਤ ਰਵੀਦਾਸ ਤੇ ਹੋਰ ਪੰਡਿਤਾਂ ਨੂੰ ਆਪਣੇ ਮਹਿਲ ‘ਚ ਬ੍ਹਹਮ ਭੋਜਨ ਲਈ ਬੇਨਤੀ ਕੀਤੀ ਪ੍ਰੰਤੂ ਪੰਡਤਾਂ ਨੇ ਇਹ ਕਹਿ ਕੇ ਆਉਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਭਗਤ ਰਵੀਦਾਸ ਜੀ ਨਾਲ ਭੋਜਨ ਨਹੀਂ ਕਰਨਗੇ ਕਿਉਂਕਿ ਨੀਵੀਂ ਜਾਤ ਦੇ ਹਨ।

ਭਗਤ ਰਵੀਦਾਸ ਜੀ ਨੇ ਰਾਣੀ ਨੂੰ ਕਿਹਾ ਕਿ ਉਹ ਪੰਡਿਤਾਂ ਨੂੰ ਪਹਿਲਾਂ ਭੋਜਨ ਛੱਕਾ ਲਵੇ ਉਹ ਬਾਅਦ ਵਿੱਚ ਛੱਕ ਲੈਣਗੇ। ਰਾਣੀ ਨੇ ਇਹ ਗੱਲ ਗੁਰੂ ਹੁਕਮ ਸਮਝ ਕੇ ਸਵੀਕਾਰ ਕਰ ਲਈ। ਜਿਸ ਵਕਤ ਭੋਜਨ ਦਾ ਸਮਾਂ ਆਇਆ ਤਾਂ ਉਸ ਵਕਤ 118 ਪੰਡਿਤ ਰਾਣੀ ਦੇ ਘਰ ਆਏ ਸੀ ਉਹ ਸਾਰੇ ਭਗਤ ਰਵੀਦਾਸ ਜੀ ਖਿਲਾਫ ਸੀ। ਭਗਤ ਰਵੀਦਾਸ ਜੀ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਸੀ ਕਿਉਕਿ ਉਹ ਪ੍ਰਮਾਤਮਾ ਦੀ ਭਗਤੀ ‘ਚ ਲੀਨ ਰਹਿੰਦੇ ਸੀ। ਉਹ ਤਾਂ ਕਹਿੰਦੇ ਹਨ:

- Advertisement -

ਮੇਰੀ ਜਾਤਿ ਕਮੀਨੀ ਪਾਤਿ ਕਮੀਨੀ ਓਛਾ ਜਨਮੁ ਹਮਾਰਾ

ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 659)

ਜਿਸ ਵਕਤ ਪੰਗਤ ਵਿੱਚ ਭੋਜਨ ਛੱਕਣ ਲਈ ਪੰਡਿਤ ਬੈਠੇ ਤਾਂ ਹਰ ਪੰਡਿਤ ਨੂੰ ਆਪਣੇ ਨਾਲ ਭਗਤ ਰਵੀਦਾਸ ਜੀ ਬੈਠੇ ਭੋਜਨ ਛੱਕਦੇ ਜਾਪਣ ਲਗੇ। ਰਾਣੀ ਵੀ ਇਸ ਕੌਤਕ ਨੂੰ ਵੇਖ ਕੇ ਹੈਰਾਨ ਸੀ। ਪੰਡਿਤਾਂ ਦੇ ਪ੍ਰਧਾਨ ਨੇ ਪੰਗਤ ਚੋਂ ਉਠ ਕੇ ਬਾਹਰ ਜਾ ਕੇ ਭਗਤ ਰਵੀਦਾਸ ਦੇ ਚਰਨਾਂ ‘ਤੇ ਮੱਥਾ ਟੇਕ ਮੁਆਫੀ ਮੰਗੀ। ਭਗਤ ਰਵੀਦਾਸ ਜੀ ਨੂੰ ਪਾਲਕੀ ‘ਚ ਬਿਠਾਅ ਕੇ ਨਗਰ ਕੀਰਤਨ ਕਢਿਆ ਗਿਆ। ਉਸ ਵਕਤ ਭਗਤ ਰਵੀਦਾਸ ਜੀ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਇਸ ਪ੍ਰਕਾਰ ਕੀਤਾ:

ਐਸੀ ਲਾਲ ਤੁਝ ਬਿਨੁ ਕਉਨੁ ਕਰੈ॥ ਗਰੀਬ ਨਿਵਾਜੁ ਗੁਸਾਈਆ ਮੇਰਾ ਮਾਥੈ ਛਤ੍ਰ ਧਰੈ॥ (ਸ੍ਰੀ ਗੁਰੂ ਗ੍ਰੰਥ ਸਾਹਿਬ 1106 )

ਭਗਤ ਰਵੀਦਾਸ ਜੀ ਨੇ ਪਾਖੰਡਵਾਦ ਦੇ ਵਿਰੁਧ ਅਵਾਜ਼ ਬੁਲੰਦ ਕੀਤੀ। ਸਮਾਜ ਵਲੋਂ ਜਿਸ ਜਾਤੀ ਨੂੰ ਸਭ ਤੋਂ ਨੀਵਾਂ ਰੱਖਿਆ ਗਿਆ ਤੇ ਜਿਸ ਨੂੰ ਰੱਬ ਦਾ ਨਾਮ ਲੈਣ ਤਕ ਦਾ ਵੀ ਅਧਿਕਾਰ ਨਹੀਂ ਸੀ ਭਗਤ ਰਵੀਦਾਸ ਜੀ ਨੇ ਉਸ ਜਾਤ ਵਿੱਚ ਜਨਮ ਲੈ ਕੇ ਨੂੰ ਉਪਰ ਹੀ ਨਹੀਂ ਚੁਕਿਆ ਸਗੋਂ ਉਸ ਨੂੰ ਭਗਤੀ ਕਰਨ ਦਾ ਅਧਿਕਾਰ ਵੀ ਪ੍ਰਦਾਨ ਕੀਤਾ। ਧਰਮ ਦੀ ਦੁਨੀਆਂ ਦੇ ਠੇਕੇਦਾਰਾਂ ਨੂੰ ਇਹ ਦਰਸਾ ਦਿੱਤਾ ਕਿ ਧਰਮ ਉਨ੍ਹਾਂ ਦੀ ਜਾਗੀਰ ਨਹੀਂ। ਅਕਾਲ ਪੁਰਖ ਦੀ ਭਗਤੀ ਕੋਈ ਵੀ ਕਰ ਸਕਦਾ ਹੈ। ਐਸੇ ਮਹਾਨ ਭਗਤ, ਭਗਤ ਰਵੀਦਾਸ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ ।

- Advertisement -

 

Share this Article
Leave a comment