ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਦੇ ਲਗਭਗ 6,000-6,500 ਅੱਤਵਾਦੀ ਅਫਗਾਨਿਸਤਾਨ ਵਿੱਚ ਸਰਗਰਮ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਦਾ ਸਬੰਧ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਅੱਤਵਾਦੀਆਂ ਦੀ ਹਾਜ਼ਰੀ ਦੋਵਾਂ ਦੇਸ਼ਾਂ ਲਈ ਖ਼ਤਰਾ ਹੈ। ਆਈਐਸਆਈਐਸ, ਅਲ-ਕਾਇਦਾ ਅਤੇ ਹੋਰ ਸੰਸਥਾਵਾਂ ਨਾਲ ਜੁੜੀ ਨਿਗਰਾਨੀ ਟੀਮ ਦੀ 26ਵੀਂ ਰਿਪੋਰਟ ਵਿੱਚ ਕਿਹਾ ਗਿਆ ਕਿ ਅਲ-ਕਾਇਦਾ ਤਾਲਿਬਾਨ ਦੇ ਨਾਲ ਅਫਗਾਨਿਸਤਾਨ ਦੇ ਨਿਮਰੂਜ, ਹੇਲਮੰਦ ਅਤੇ ਕੰਧਾਰ ਸੂਬਿਆਂ ਨਾਲ ਕੰਮ ਕਰਦਾ ਹੈ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਵਿੱਚ ਬੰਗਲਾਦੇਸ਼, ਭਾਰਤ ਅਤੇ ਪਾਕਿ ਦੇ 150 ਤੋਂ 200 ਦੇ ਵਿੱਚ ਅੱਤਵਾਦੀ ਸ਼ਾਮਲ ਹਨ। AQIS ਦਾ ਮੌਜੂਦਾ ਸਰਗਨਾ ਓਸਾਮਾ ਮਹਿਮੂਦ ਹੈ ਇਸਨੇ ਆਸਿਮ ਉਮਰ ਦੇ ਮਾਰੇ ਜਾਣ ਤੋਂ ਬਾਅਦ ਉਸ ਦੀ ਜਗ੍ਹਾ ਲਈ ਹੈ। AQIS ਆਪਣੇ ਸਾਬਕਾ ਸਰਗਨਾ ਦੀ ਮੌਤ ਦਾ ਬਦਲਾ ਲੈਣ ਲਈ ਖੇਤਰ ਵਿੱਚ ਜਵਾਬੀ ਕਾਰਵਾਈ ਦੀ ਯੋਜਨਾਵਾਂ ਬਣਾ ਰਿਹਾ ਹੈ। ਦੱਸ ਦਈਏ ਕਿ ਅਫਗਾਨਿਸਤਾਨ ਵਿੱਚ ਮੌਜੂਦ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ( ਟੀਟੀਪੀ ) ਨੇ ਹਾਲ ਹੀ ਵਿੱਚ ਪਾਕਿਸਤਾਨ ਵਿੱਚ ਕਈ ਹਾਈ ਪ੍ਰੋਫਾਈਲ ਹਮਲਿਆਂ ਦੀ ਜ਼ਿੰਮੇਵਾਰੀ ਵੀ ਲਈ ਹੈ।