ਬਠਿੰਡਾ: ਕਿਸਾਨ ਅੰਦੋਲਨ ਦੌਰਾਨ ਬਜ਼ੁਰਗ ਬੇਬੇ ਮਹਿੰਦਰ ਕੌਰ ਬਾਰੇ ਵਿਵਾਦਤ ਟਿੱਪਣੀ ਕਰਨ ਵਾਲੀ ਅਦਾਕਾਰਾ ਤੇ ਸੰਸਦ ਮੈਂਬਰ ਕੰਗਨਾ ਰਣੌਤ ਸੋਮਵਾਰ ਨੂੰ ਬਠਿੰਡਾ ਅਦਾਲਤ ਵਿੱਚ ਪੇਸ਼ ਹੋਈ। ਅਦਾਲਤ ਵਿੱਚ ਕੰਗਨਾ ਨੇ ਜਨਤਕ ਤੌਰ ’ਤੇ ਬੇਬੇ ਮਹਿੰਦਰ ਕੌਰ ਤੋਂ ਮੁਆਫ਼ੀ ਮੰਗੀ ਅਤੇ ਕਿਹਾ, “ਜੇਕਰ ਮੇਰੀ ਗੱਲ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਤਾਂ ਮੈਂ ਦਿਲੋਂ ਮੁਆਫ਼ੀ ਮੰਗਦੀ ਹਾਂ।” ਪਰ ਬੇਬੇ ਮਹਿੰਦਰ ਕੌਰ ਨੇ ਕੰਗਨਾ ਨੂੰ ਮੁਆਫ਼ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
ਬੇਬੇ ਮਹਿੰਦਰ ਕੌਰ ਨੇ ਕਿਹਾ, “ਕੰਗਨਾ ਨੂੰ ਮੁਆਫ਼ ਨਹੀਂ ਕਰਾਂਗੀ। ਉਸ ਨੇ ਕਿਸਾਨਾਂ ਨੂੰ ਬਹੁਤ ਦੁੱਖ ਦਿੱਤਾ, ਸਾਨੂੰ ਕੀੜੇ-ਮਕੌੜੇ ਸਮਝਿਆ। ਮੇਰੇ ਕੋਲ 13 ਕਿੱਲ੍ਹੇ ਜ਼ਮੀਨ ਸੀ, ਮੈਂ ਆਪਣੇ ਹੱਕਾਂ ਲਈ ਟਿੱਕਰੀ ਬਾਰਡਰ ’ਤੇ ਸਾਢੇ ਚਾਰ ਸਾਲ ਅਦਾਲਤਾਂ ਦੇ ਚੱਕਰ ਲਾ ਕੇ ਥੱਕ ਗਈ ਹਾਂ। 4 ਸਾਲ ਬਾਅਦ ਆ ਕੇ ‘ਗਲਤਫਹਿਮੀ’ ਕਹਿਣਾ ਸੋਚੀ-ਸਮਝੀ ਸਾਜਿਸ਼ ਹੈ। ਅਦਾਲਤ ਇਨਸਾਫ਼ ਕਰੇਗੀ।”
ਕੰਗਨਾ ਨੇ ਅਦਾਲਤ ਵਿੱਚ ਕੀ ਕਿਹਾ
ਪੇਸ਼ੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਵਿੱਚ ਕੰਗਨਾ ਨੇ ਕਿਹਾ, “ਮੈਨੂੰ ਬੇਬੇ ਬਾਰੇ ਗਲਤਫਹਿਮੀ ਹੋਈ ਸੀ। ਮੇਰਾ ਟਵੀਟ ਕਿਸੇ ਨੂੰ ਠੇਸ ਪਹੁੰਚਾਉਣ ਲਈ ਨਹੀਂ ਸੀ। ਮੈਂ ਸੁਪਨੇ ਵਿੱਚ ਵੀ ਕਿਸੇ ਦਾ ਅਪਮਾਨ ਨਹੀਂ ਸੋਚ ਸਕਦੀ। ਮਾਂ ਚਾਹੇ ਪੰਜਾਬ ਦੀ ਹੋਵਾ ਜਾਂ ਹਿਮਾਚਲ ਦੀ, ਸਭ ਮੇਰੇ ਲਈ ਆਦਰਯੋਗ ਹਨ। ਮੈਨੂੰ ਉਸ ਟਵੀਟ ’ਤੇ ਅਫਸੋਸ ਹੈ। ਮੈਂ ਬੇਬੇ ਤੇ ਉਨ੍ਹਾਂ ਦੇ ਪਤੀ ਨਾਲ ਗੱਲ ਵੀ ਕੀਤੀ ਹੈ।”
ਕੀ ਸੀ ਮਾਮਲਾ
ਕਿਸਾਨ ਅੰਦੋਲਨ ਦੌਰਾਨ ਕੰਗਨਾ ਨੇ ਟਵੀਟ ਕੀਤਾ ਸੀ ਕਿ ‘ਔਰਤਾਂ 100-100 ਰੁਪਏ ਲੈਕੇ ਧਰਨੇ ‘ਤੇ ਆ ਜਾਂਦੀਆਂ ਨੇ’। ਉਸ ਨੇ ਬੇਬੇ ਮਹਿੰਦਰ ਕੌਰ ਦੀ ਫੋਟੋ ਵਾਲੀ ਪੋਸਟ ’ਤੇ ਵੀ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਬੇਬੇ ਨੇ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

