ਬਠਿੰਡਾ: ਬਠਿੰਡਾ ਜ਼ਿਲ੍ਹੇ ਦੇ ਭਗਤਾ ਭਾਈਕਾ ਬਲਾਕ ਦੇ ਪਿੰਡ ਹਮੀਰਗੜ੍ਹ ‘ਚ ਇੱਕ ਖੇਤ ਮਜ਼ਦੂਰ ਪਿਤਾ ਨੇ ਵੀਰਵਾਰ ਨੂੰ ਆਪਣੇ ਤਿੰਨ ਬੱਚਿਆਂ ਦਾ ਕਤਲ ਕਰ ਖ਼ੁਦ ਵੀ ਫਾਹਾ ਲਾ ਕੇ ਜਾਨ ਦੇ ਦਿੱਤੀ। ਜਾਣਕਾਰੀ ਮੁਤਾਬਕ ਉਸ ਦੀ ਪਤਨੀ ਦੀ ਇੱਕ ਮਹੀਨੇ ਪਹਿਲਾਂ ਹੀ ਕੈਂਸਰ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਮਾਨਸਿਕ ਰੂਪ ਤੋਂ ਪਰੇਸ਼ਾਨ ਰਹਿਣ ਲੱਗਿਆ ਸੀ।
ਮ੍ਰਿਤਕ ਦੀ ਪਛਾਣ 35 ਸਾਲਾ ਬੇਅੰਤ ਸਿੰਘ ਵਜੋਂ ਹੋਈ ਹੈ ਜਦਕਿ ਬੱਚਿਆਂ ਦੀ ਪਛਾਣ 5 ਸਾਲਾ ਪੁੱਤਰ ਪ੍ਰਭਜੋਤ ਸਿੰਘ, 3 ਸਾਲ ਦੀ ਧੀ ਖੁਸ਼ਪ੍ਰੀਤ ਕੌਰ ਤੇ ਸਵਾ ਸਾਲ ਦੀ ਧੀ ਸੁਖਪ੍ਰੀਤ ਕੌਰ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਭਗਤਾ ਭਾਈਕਾ ਦੇ ਐਸਐਚਓ ਅੰਮ੍ਰਿਤਪਾਲ ਸਿੰਘ ਪੁਲੀਸ ਟੀਮ ਦੇ ਨਾਲ ਘਟਨਾ ਸਥਾਨ ਤੇ ਪੁੱਜੇ ਤੇ ਸਾਰੀ ਮ੍ਰਿਤਕ ਦੇਹਾਂ ਨੂੰ ਹੇਠਾਂ ਉਤਾਰ ਕੇ ਪੋਸਟਮਾਰਟਮ ਲਈ ਰਾਮਪੁਰਾ ਸਿਵਲ ਹਸਪਤਾਲ ਭੇਜ ਦਿੱਤਾ।
ਘਟਨਾ ਸਥਾਨ ਤੋਂ ਮ੍ਰਿਤਕ ਨੌਜਵਾਨ ਵੱਲੋਂ ਦਰਦ ਭਰਿਆ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ। ਫਿਲਹਾਲ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।