ਬਟਾਲਾ : ਹਾਕੀ ਖਿਡਾਰੀ ਸਿਮਰਨਜੀਤ ਸਿੰਘ ਦਾ ਬਟਾਲਾ ਪਹੁੰਚਣ ‘ਤੇ ਬਟਾਲਾ ਪੁਲਿਸ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਬਟਾਲਾ ਐਸਐਸਪੀ ਦਫਤਰ ਵਿਖੇ ਸਿਮਰਨਜੀਤ ਸਿੰਘ ਦਾ ਸਵਾਗਤ ਕੀਤਾ ਗਿਆ ਅਤੇ ਬਟਾਲਾ ਪੁਲਿਸ ਦੇ ਅਧਿਕਾਰੀਆਂ ਵਲੋਂ ਸਿਮਰਨਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਉਥੇ ਹੀ ਹਾਕੀ ਖਿਡਾਰੀ ਸਿਮਰਨਜੀਤ ਨੇ ਕਿਹਾ ਕਿ ਅੱਜ ਉਹ ਬਹੁਤ ਖੁਸ਼ ਹਨ। ਉਹ ਆਪਣੇ ਲੋਕਾਂ ‘ਚ ਜਿੱਤ ਲੈ ਕੇ ਪਹੁੰਚੇ ਹਨ। ਉਹਨਾਂ ਕਿਹਾ ਕਿ ਭਾਰਤੀ ਹਾਕੀ ਟੀਮ ਗੋਲਡ ਮੈਡਲ ਦੀ ਉਮੀਦ ਨਾਲ ਓਲੰਪਿਕਸ ‘ਚ ਗਈ ਸੀ ਪਰ ਗੋਲਡ ਤਾਂ ਨਹੀਂ ਬਰੌਂਜ਼ ਮੈਡਲ ਮਿਲਿਆ। ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਸ ਘੜੀ ਦਾ ਕਈ ਸਾਲਾਂ ਤੋਂ ਦੇਸ਼ ਨੂੰ ਇੰਤਜ਼ਾਰ ਸੀ ਉਹ ਉਹਨਾਂ ਸੱਚ ਕਰ ਵਿਖਾਇਆ।
ਇਸ ਮੌਕੇ ਐਸਐਸਪੀ ਬਟਾਲਾ ਰਸ਼ਪਾਲ ਸਿੰਘ ਨੇ ਕਿਹਾ ਕਿ ਮੈਂ ਖੁਦ ਖਿਡਾਰੀ ਹਾਂ ਤੇ ਖਿਡਾਰੀ ਦੀ ਜਿੱਤ ਦੀ ਖੁਸ਼ੀ ਇੱਕ ਖਿਡਾਰੀ ਹੀ ਸਮਝ ਸਕਦਾ ਹੈ। ਮੈਨੂੰ ਇਸ ਤਰਾਂ ਲਗ ਰਿਹਾ ਹੈ ਕਿ ਮੈਡਲ ਸਿਮਰਨ ਨੇ ਨਹੀਂ ਸਗੋਂ ਅਸੀਂ ਜਿੱਤਿਆ ਹੈ ਤੇ ਅਸੀਂ ਭਾਰਤੀ ਹਾਕੀ ਟੀਮ ਤੋਂ ਅੱਗੇ ਵੀ ਵਧੀਆ ਪ੍ਰਦਰਸ਼ਨ ਦੀ ਆਸ ਕਰਦੇ ਹਾਂ।