ਖੁਸ਼ੀਆਂ ਖੇੜਿਆਂ ਦਾ ਮੌਸਮੀ ਤਿਉਹਾਰ ਬਸੰਤ ਪੰਚਮੀ ਦੀ ਇਤਿਹਾਸਕ ਮਹੱਤਤਾ

TeamGlobalPunjab
7 Min Read

ਖੁਸ਼ੀਆਂ ਖੇੜਿਆਂ ਦਾ ਮੌਸਮੀ ਤਿਉਹਾਰ ਬਸੰਤ ਪੰਚਮੀ ਦੀ ਇਤਿਹਾਸਕ ਮਹੱਤਤਾ

*ਡਾ. ਗੁਰਦੇਵ ਸਿੰਘ

ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ॥

ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ॥੨॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 791)

ਬਸੰਤ ਪੰਚਮੀ, ਖੁਸ਼ੀਆਂ ਖੇੜਿਆਂ ਦਾ ਇੱਕ ਮੌਸਮੀ ਤਿਉਹਾਰ ਹੈ ਜੋ ਕਿ ਮਾਘ ਸੁਦੀ ਪੰਜਵੀਂ ਨੂੰ ਪੰਜਾਬ ਸਮੇਤ ਸਾਰੇ ਭਾਰਤ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਬਸੰਤ ਦੇ ਇਸ ਮੌਸਮ ਨੂੰ ਪ੍ਰਕਿਰਤੀ ਵਿਚ ਇਕ ਨਵੀਂ ਚੇਤਨਾ ਦਾ ਸੂਚਕ ਮੰਨਿਆ ਜਾਂਦਾ ਹੈ ਕਿਉਂਕਿ ਬਸੰਤ ਰੁੱਤ ਦੀ ਦਸਤਕ ਤੋਂ ਪਹਿਲਾਂ ਕੜਾਕੇ ਦੀ ਪੈ ਰਹੀ ਠੰਡ ਦਾ ਦਬਾਅ ਘਟ ਜਾਂਦਾ ਹੈ ਅਤੇ ਦਰੱਖਤਾਂ ਤੇ ਪੌਦਿਆਂ ਦੇ ਝੜੇ ਪੱਤੇ ਅਤੇ ਫੁੱਲ ਫਿਰ ਤੋਂ ਨਵੇਂ ਰੂਪ ਵਿਚ ਖਿੜ ਉੱਠਦੇ ਨੇ ਤੇ ਬਹਾਰ ਆ ਜਾਂਦੀ ਹੈ। ਭਾਰਤ ਵਿੱਚ ਛੇ ਰੁੱਤਾਂ ਵਿੱਚੋਂ ਬਸੰਤ ਰੁੱਤ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਬਸੰਤ ਰੁੱਤ ਨਾਲ ਸਬੰਧਤ ਕਈ ਤਰ੍ਹਾਂ ਦੇ ਲੋਕ ਅਖਾਣ ਵੀ ਪ੍ਰਚਲਿਤ ਹਨ ਜੋ ਇਸ ਰੁੱਤ ਦੀ ਵਿਸ਼ੇਸ਼ਤਾ ਨੂੰ ਉਜਾਗਰ ਕਰਦੇ ਨੇ।

- Advertisement -

ਸਦਾ ਦੀਵਾਲੀ ਸਾਧ ਦੀ ਅੱਠੋਂ ਪਹਿਰ ਬਸੰਤ

‘ਆਈ ਬਸੰਤ ਪਾਲ਼ਾ ਉਡੰਤ’

ਸਿੱਖ ਧਰਮ ਵਿੱਚ ਵੀ ਬਸੰਤ ਪੰਚਮੀ ਦਾ ਇਤਿਹਾਸਕ ਮਹੱਤਵ ਹੈ। ਗੁਰਦੁਆਰਾ ਛੇਹਰਟਾ ਸਾਹਿਬ ਪਾਤਸ਼ਾਹੀ ਪੰਜਵੀਂ ਤੇ ਛੇਵੀਂ, ਅੰਮ੍ਰਿਤਸਰ; ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਅਤੇ ਗੁਰਦੁਆਰਾ ਗੁਰੂ ਕਾ ਲਾਹੌਰ ਨੇੜੇ ਅਨੰਦਪੁਰ ਸਾਹਿਬ ਵਿਖੇ ਬਸੰਤ ਪੰਚਮੀ ਦਾ ਦਿਨ ਵਿਸ਼ੇਸ਼ ਰੂਪ ਵਿੱਚ ਮਨਾਇਆ ਜਾਂਦਾ ਹੈ।

ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਵੈਸੇ ਤਾਂ ਹਰ ਪੰਚਮੀ ਨੂੰ ਸੰਗਤਾਂ ਵਿਸ਼ੇਸ਼ ਤੌਰ ‘ਤੇ ਨਤਮਸਤਕ ਹੁੰਦੀਆਂ ਹਨ ਪਰ ਬਸੰਤ ਪੰਚਮੀ ਵਾਲੇ ਦਿਨ ਭਾਰੀ ਮੇਲਾ ਲੱਗਦਾ ਹੈ ਜੋ ਕਿ ਸਾਲਾਨਾ ਜੋੜ ਮੇਲੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਗੁਰਦੁਆਰਾ ਸਾਹਿਬ ਨਾਲ ਇੱਕ ਮਾਨਤਾ ਇਹ ਵੀ ਜੁੜੀ ਹੋਈ ਹੈ ਕਿ ਜੋ ਵਿਆਹੁਤਾ ਇਸਤਰੀ 12 ਪੰਚਮੀ ਸਰਧਾ ਭਾਵਨਾ ਨਾਲ ਸਰੋਵਰ ਵਿੱਚ ਇਸ਼ਨਾਨ ਕਰਦੀ ਹੈ ਉਸ ਨੂੰ ਅੋਲਾਦ ਦੀ ਦਾਤ ਪ੍ਰਾਪਤ  ਹੁੰਦੀ ਹੈ।

ਪੁਤਰ ਹੰਤ ਨਾਰੀ ਜੋਊ ਮਾਸ ਮਾਸ ਈਹਾ ਨਾਇ।

- Advertisement -

ਏਕ ਬਰਸ ਮਹਿ ਸੁਤ ਲਹਿ ਸਿਰਿ ਗੁਰ ਅਸ ਫੁਰਮਾਇ।

ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਵੀ ਬਸੰਤ ਪੰਚਮੀ ਨੂੰ ਭਾਰੀ ਜੋੜ ਮੇਲਾ ਲੱਗਦਾ ਹੈ। ਇਸ ਪ੍ਰਥਾਇ ਮਾਨਤਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਹੁਕਮਾਂ ਮੁਤਾਬਕ ਜੋ ਪ੍ਰਾਣੀ ਸ਼ਰਧਾ ਸਹਿਤ ਇੱਥੇ ਇਸ਼ਨਾਨ ਕਰੇਗਾ, ਉਸ ਦੇ ਰੋਗ ਦੂਰ ਹੋਣਗੇ। ਗੁਰੂ ਸਾਹਿਬ ਨੇ ਇਹ ਵੀ ਹੁਕਮ ਕੀਤਾ ਕਿ ਜੋ ਇੱਥੇ ਬਸੰਤ ਪੰਚਮੀ ਨੂੰ ਇਸ਼ਨਾਨ ਕਰੇਗਾ, ਉਸ ਨੂੰ ਸਾਰੇ ਤੀਰਥਾਂ ਦਾ ਫਲ ਪ੍ਰਾਪਤ ਹੋਵੇਗਾ, ਸਾਰੇ ਰੋਗ ਦੂਰ ਹੋਣਗੇ ਜਿਸ ਕਾਰਨ ਇਸ ਅਸਥਾਨ ਦੀ ਮਹਿਮਾ ਹੋਰ ਵੀ ਵੱਧ ਜਾਂਦੀ ਹੈ।

ਗੁਰਦੁਆਰਾ ਗੁਰੂ ਕਾ ਲਾਹੌਰ ਨੇੜੇ ਅਨੰਦਪੁਰ ਸਾਹਿਬ ਵਿਖੇ ਵੀ ਬਸੰਤ ਪੰਚਮੀ ਦਾ ਭਾਰੀ ਜੋੜ ਮੇਲਾ ਲੱਗਦਾ ਹੈ। ਇਸ ਸਲਾਨਾ ਜੋੜ ਮੇਲੇ ਦਾ ਸਬੰਧ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਮਾਤਾ ਜੀਤੋ ਨਾਲ ਹੋਏ ਅਨੰਦ ਕਾਰਜ ਨਾਲ ਹੈ।  ਗੁਰੂ ਕਾ ਲਾਹੌਰ ਗੁਰੂ ਸਾਹਿਬ ਨੇ ਲਾਹੌਰ ਸ਼ਹਿਰ ਜੋ ਅੱਜ ਕਲ ਪਾਕਿਸਤਾਨ ਵਿੱਚ ਹੈ ਉਸ ਦੇ ਸਮਾਨਾਂਤਰ ਵਸਾਇਆ। ਇਸ ਅਸਥਾਨ ‘ਤੇ ਚਾਰ ਇਤਿਹਾਸਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ।  

ਗੁਰਦੁਆਰਾ ਸਿਹਰਾ ਸਾਹਿਬ : ਇਸ ਅਸਥਾਨ ‘ਤੇ ਗੁਰੂ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਸਿਹਰਾ ਸਜਾ ਕੇ ਪਹੁੰਚੇ ਸੀ,  

ਗੁਰਦੁਆਰਾ ਤ੍ਰਿਵੇਣੀ ਸਾਹਿਬ : ਇਸ ਅਸਥਾਨ ‘ਤੇ ਗੁਰੂ ਸਾਹਿਬ ਨੇ ਤੀਰ ਮਾਰ ਕੇ ਤਿੰਨ ਪ੍ਰਕਾਰ ਦਾ ਜਲ ਪ੍ਰਗਟ ਕੀਤਾ।

ਗੁਰਦੁਆਰਾ ਪੋੜ ਸਾਹਿਬ : ਇਸ ਅਸਥਾਨ ‘ਤੇ ਗੁਰੂ ਸਾਹਿਬ ਨੇ ਨੀਲੇ ਘੋੜੇ ਦਾ ਪੋੜ ਮਾਰ ਕੇ ਪਾਣੀ ਪ੍ਰਗਟ ਕੀਤਾ ਸੀ।

ਗੁਰਦੁਆਰਾ ਆਨੰਦਗੜ ਸਾਹਿਬ ਜਿੱਥੇ ਗੁਰੂ ਸਾਹਿਬ ਦੇ ਅਨੰਦ ਕਾਰਜ ਹੋਏ ।

ਗੁਰੂ ਕੇ ਲਾਹੌਰ ਦੇ ਇਨ੍ਹਾਂ ਗੁਰੂ ਧਾਮਾਂ ਵਿਖੇ ਸੰਗਤਾਂ ਬਸੰਤ ਪੰਚਮੀ ਵਾਲੇ ਦਿਨ ਵਿਸ਼ੇਸ਼ ਤੌਰ ‘ਤੇ ਵੱਡੀ ਗਿਣਤੀ ਵਿੱਚ ਪਹੁੰਚਦੀਆਂ ਹਨ। ਸ਼ਰਧਾ ਭਾਵਨਾ ਨਾਲ ਵਿਸ਼ੇਸ਼ ਤੌਰ ’ਤੇ ਸਰੋਵਰਾਂ ਵਿਚ ਇਸ਼ਨਾਨ ਕਰਦੀਆਂ ਹਨ। ਗੁਰਦੁਆਰਾ ਪ੍ਰਬੰਧਕਾਂ ਵਲੋਂ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਤਾਂ ਹਰ ਵਰੇ ਬਸੰਤ ਪੰਚਮੀ ਨੂੰ ਬਸੰਤ ਰਾਗ ਦਰਬਾਰ  ਲਗਾਇਆ ਜਾਂਦਾ ਏ।

ਗੁਰਬਾਣੀ ਦੇ ਹਵਾਲੇ ਨਾਲ ਬਸੰਤ ਰੁੱਤ ਦੇ ਸ਼ੁਭ ਆਗਮਨ ’ਤੇ  ਬਾਣੀ ਸਾਨੂੰ ਮੁਮਾਰਖੀ ਸੁਨੇਹਾ ਦਿੰਦਿਆਂ ਚੜ੍ਹਦੀ ਕਲਾ ਵਿਚ ਰਹਿਣ ਦਾ ਉਪਦੇਸ਼ ਦਿੰਦੀ ਹੈ।

ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ॥

 ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ ॥੧॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1168)

ਗੁਰਬਾਣੀ ਬਨਸਪਤੀ ਦੇ ਮਉਲਣ ਨਾਲ ਬਸੰਤ ਰੁੱਤ ਦੀ ਆਮਦ ’ਤੇ ਗੁਰੂ ਦੀ ਸੰਗਤ ਸੰਗ ਮੌਲਣ ਤੇ ਵਿਗਸਣ ਦਾ ਉਪਦੇਸ਼ ਇਸ ਤਰ੍ਹਾਂ ਕਰ ਰਹੀ ਹੈ:

ਬਨਸਪਤਿ ਮਉਲੀ ਚੜਿਆ ਬਸੰਤੁ ॥

 ਇਹੁ ਮਨੁ ਮਉਲਿਆ ਸਤਿਗੁਰੂ ਸੰਗਿ ॥੧॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1176)

ਗੁਰਮਤਿ ਸੰਗੀਤ ਦੇ ਹਵਾਲੇ ਨਾਲ ਸਿੱਖ ਧਰਮ ਅਧੀਨ ਰਾਗਾਂ ਤੇ ਰੁੱਤਾਂ ਨਾਲ ਸਬੰਧਤ ਕੀਰਤਨ ਚਉਕੀਆਂ ਲਗਾਈਆਂ ਜਾਂਦੀਆ ਹਨ ਜਿਵੇਂ  ਬਿਲਾਵਲ ਦੀ ਚਉਕੀ, ਸਾਵਣ ਰੁਤੇ ਮਲ੍ਹਾਰ ਅਤੇ ਬਸੰਤ ਰੁਤੇ ਬਸੰਤ ਦੀ ਕੀਰਤਨ ਚਉਕੀ। ਗੁਰੂ ਸਾਹਿਬਾਨ ਨੇ ਬਾਣੀ ਅਧੀਨ, ਬਸੰਤ ਰੁੱਤ ਦੇ ਹੁਲਾਸ ਭਾਵ ਨੂੰ, ਗੁਰਮਤਿ ਦੀ ਰੰਗਤ ਦੇ ਕੇ, ਬਸੰਤ ਰਾਗ ਰਾਹੀਂ, ਮਨੁੱਖ ਨੂੰ ਸੱਚੇ ਮਾਰਗ ਦਾ ਪਾਂਧੀ ਬਾਣਿਆ ਹੈ। ਇਸ ਰੁੱਤ ਵਿੱਚ ਗੁਰੂ ਦੇ ਕੀਰਤਨੀਏ ਬਸੰਤ ਰਾਗ ਦੀ ਬਾਣੀ ਦਾ, ਵਿਸ਼ੇਸ਼ ਰੂਪ ਵਿੱਚ ਕੀਰਤਨ ਕਰਦੇ ਹਨ।

ਸਿੱਖ ਇਤਿਹਾਸ ਦੇ ਹਵਾਲਿਆਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਵਿਚ ਇਕ ਬਸੰਤ ਦਰਬਾਰ ਲਗਾਇਆ ਜੋ ਦਸ ਦਿਨ ਤਕ ਚੱਲਿਆ।  ਇਸ ਵਿੱਚ ਮਹਾਰਾਜੇ ਦੀ ਸੈਨਾ ਨੇ ਬਸੰਤੀ ਰੰਗ ਪਹਿਨਿਆ ਅਤੇ ਆਪਣੀ ਫੌਜੀ ਤਾਕਤ ਦਾ ਪ੍ਰਦਰਸ਼ਨ ਕੀਤਾ।

ਬਸੰਤ ਪੰਚਮੀ ਵਾਲੇ ਦਿਨ ਵੀਰ ਹਕੀਕਤ ਰਾਏ ਦੇ ਬਲੀਦਾਨ ਦਿਵਸ ਨੂੰ ਵੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ,  ਜਿਨ੍ਹਾਂ ਨੇ ਛੋਟੀ ਉਮਰੇ ਧਰਮ ਰੱਖਿਆ ਖਾਤਰ ਲਾਹੌਰ ਵਿਖੇ ਮੌਤ ਨੂੰ ਗਲ਼ ਲਇਆ ਪਰ ਮੁਗਲਾਂ ਦੀ ਈਨ ਨਹੀਂ ਮੰਨੀ।

ਬਸੰਤ ਪੰਚਮੀ ਦਾ ਤਿਉਹਾਰ ਪੰਜਾਬੀ ਸਭਿਆਚਾਰ ਨਾਲ ਜੁੜੇ ਹੋਣ ਕਰਕੇ ਪੰਜਾਬ ਵਾਸੀ ਆਪਣੀ ਖੁਸ਼ੀ ਪਤੰਗ ਉਡਾ ਕੇ ਵੀ ਜਾਹਰ ਕਰਦੇ ਹਨ। ਇਸ ਦਿਨ ਸਾਰਾ ਆਕਾਸ਼ ਰੰਗ ਬਰੰਗੇ, ਹਵਾ ਵਿੱਚ ਤੈਰਦੇ ਤੇ ਹੁਲਾਰੇ ਖਾਂਦੇ, ਪੰਤਗਾਂ ਨਾਲ ਭਰ ਜਾਂਦਾ ਹਨ ਤੇ ਆਕਾਸ਼ ਇੱਕ ਅਥਾਹ ਰੰਗਮੰਚ ਲੱਗਦਾ ਹੈ, ਜਿਸ ‘ਤੇ ਵੰਨ ਸੁਵੰਨੇ ਪੰਤਗਾਂ ਦੇ ਰੂਪ ਵਿੱਚ, ਪੰਜਾਬੀਆਂ ਦੇ ਮਨ, ਤਰੰਗਿਤ ਹੋਏ ਅਠਖੇਲੀਆਂ ਭਰ ਰਹੇ ਹੁੰਦੇ ਹਨ।ਬੰਸਤ ਪੰਚਮੀ ਪੰਜਾਬੀ ਸਭਿਆਚਾਰ ਦਾ ਇੱਕ ਮੌਸਮੀ ਤਿਉਹਾਰ ਏ ਜਦੋਂ ਕਿ ਸਿੱਖਾਂ ਵਿੱਚ ਇਸ ਦੀ ਵਿਸ਼ੇਸ਼ ਇਤਿਹਾਸਕਤਾ ਮੱਹਤਤਾ ਹੈ।

*gurdevsinghdr@gmail.com

Share this Article
Leave a comment