ਬਰਨਾਲਾ – ਭੇਤਭਰੇ ਹਾਲਾਤ ‘ਚ ਲਾਪਤਾ ਹੋਏ ਸਥਾਨਕ ਸੇਖਾ ਰੋਡ ਗਲੀ ਨੰਬਰ 4, ਫ਼ੌਜੀ ਬਸਤੀ ਦੇ ਵਸਨੀਕ ਨੌਜਵਾਨ ਸਨੀ ਉਰਫ਼ ਗੋਰਾ ਦੀ ਵੱਢੀ-ਟੁੱਕੀ ਲਾਸ਼ ਪੁਲਿਸ ਨੇ ਬੇਅਬਾਦ ਸਿਗਮਾ ਕਾਲੋਨੀ ਦੇ ਬੰਦ ਪਏ ਸੀਵਰੇਜ ਦੇ ਗਟਰ ‘ਚੋਂ ਬਰਾਮਦ ਹੋਈ ਹੈ। ਇਸ ਸਬੰਧੀ ਆਦੇਸ਼ ਕੁਮਾਰ ਪੁੱਤਰ ਅਨਿਲ ਕੁਮਾਰ ਨੇ ਥਾਣਾ ਸਿਟੀ 2 ‘ਚ ਸ਼ਿਕਾਇਤ ਦਰਜ ਕਰਵਾਈ ਸੀ।
ਇਸ ਮਾਮਲੇ ‘ਚ ਪੁਲਿਸ ਨੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੇ ਨਿਰਦੇਸ਼ਾਂ ਹੇਠ ਬਣਾਈ ਗਈ ਟੀਮ ਦੇ ਮੈਂਬਰ ਡੀਐੱਸਪੀ ਲਖਵੀਰ ਸਿੰਘ ਟਿਵਾਣਾ ਤੇ ਥਾਣਾ ਸਿਟੀ 2 ਦੇ ਮੁਖੀ ਗੁਰਮੇਲ ਸਿੰਘ ਨੇ ਖ਼ੁਲਾਸਾ ਕੀਤਾ ਕਿ 5 ਜਣਿਆਂ ਵੱਲੋਂ ਇਸ ਨੌਜਵਾਨ ਦਾ 4 ਤੇ 5 ਦਸੰਬਰ ਦੀ ਦਰਮਿਆਨੀ ਰਾਤ ਨੂੰ ਕਤਲ ਕਰ ਕੇ ਉਸ ਦੀ ਲਾਸ਼ ਉਕਤ ਬੰਦ ਪਏ ਸੀਵਰੇਜ ਦੇ ਗਟਰ ‘ਚ ਸੁੱਟ ਦਿੱਤੀ। ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਡਿਊਟੀ ਮੈਜਿਸਟਰੇਟ ਰਮਨਿੰਦਰਪਾਲ ਸਿੰਘ ਦੀ ਹਾਜ਼ਰੀ ‘ਚ ਡੀਐੱਸਪੀ ਲਖਵੀਰ ਸਿੰਘ ਟਿਵਾਣਾ, ਥਾਣਾ ਸਦਰ ਮੁਖੀ ਬਲਜੀਤ ਸਿੰਘ ਦੀ ਅਗਵਾਈ ‘ਚ ਲਾਸ਼ ਬਰਾਮਦ ਕੀਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਦੇ ਦੇਹ ਸੰਭਾਲ ਘਰ ‘ਚ ਰੱਖਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 5 ਨਾਮਜਦ ਅਰੋਪੀਆਂ ਨੂੰ ਪੁਲਿਸ ਨੇ ਪੁੱਛਗਿੱਛ ਲਈ ਹਿਰਾਸਤ ‘ਚ ਲੈ ਕੇ ਲਾਸ਼ ਬਰਾਮਦ ਕਰ ਲਈ ਹੈ।