ਚੰਡੀਗੜ੍ਹ (ਅਵਤਾਰ ਸਿੰਘ) : ਚੰਡੀਗੜ੍ਹ ਦੇ ਪ੍ਰਸ਼ਾਸ਼ਕ ਅਤੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਅੱਜ ਬਾਰ ਰੂਮ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਹਾਲਾਤ ‘ਤੇ ਚਰਚਾ ਦੌਰਾਨ ਸਲਾਹਕਾਰ ਮਨੋਜ ਪਰੀਦਾ ਨੂੰ ਵੱਖ ਵੱਖ ਕਾਲੋਨੀਆਂ ਅਤੇ ਖੇਤਰਾਂ ਦੀ ਸੀਲਿੰਗ ਨੂੰ ਪ੍ਰਭਾਵੀ ਢੰਗ ਨਾਲ ਬਣਾਈ ਰੱਖਣ ਅਤੇ ਸਮਾਜਿਕ ਦੂਰੀ ਨੂੰ ਲਾਗੂ ਕਰਨ ਲਈ ਨੁਮਾਇੰਦਿਆਂ ਅਤੇ ਸਮਾਜ ਸੇਵਕਾਂ ਨੂੰ ਸ਼ਾਮਿਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਹੀ ਸਮਾਜ ਸੇਵੀ ਸੰਸਥਾਵਾਂ ਦੀਆਂ ਸੇਵਾਵਾਂ ਲਈਆਂ ਜਾਣ।
ਇਸ ਮੌਕੇ ਸਲਾਹਕਾਰ ਮਨੋਜ ਪਰੀਦਾ ਨੇ ਦੱਸਿਆ ਕਿ ਚੰਡੀਗੜ੍ਹ ਵਾਸੀਆਂ ਦੀ ਸਹੂਲਤ ਲਈ ਪਲੰਬਰ, ਇਲੈਕਟ੍ਰੀਸ਼ੀਅਨ ਅਤੇ ਏ ਸੀ ਠੀਕ ਕਰਨ ਵਾਲਿਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਪ੍ਰਸ਼ਾਸ਼ਕ ਨੂੰ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ ਨੇ ਸਪਸ਼ਟੀਕਰਨ ਲਈ ਅਗਲੇ ਦੋ ਦਿਨਾਂ ਲਈ ਰੇਪਿਡ ਟੈਸਟ ਨੂੰ ਰੋਕਣ ਦੇ ਨਿਰਦੇਸ਼ ਦੇ ਦਿੱਤੇ ਹਨ। ਇਸ ਮੌਕੇ ਪ੍ਰਸ਼ਾਸ਼ਨ ਨੇ ਪ੍ਰਮੁੱਖ ਸਿਹਤ ਸਕੱਤਰ ਅਰੁਣ ਕੁਮਾਰ ਗੁਪਤਾ ਨੇ ਤਿੰਨ ਹੋਰ ਸਿਹਤ ਸੰਸਥਾਵਾਂ ਨੂੰ ਜੋੜਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰੋਟੋਕੋਲ ਅਨੁਸਾਰ ਇਹ ਯਕੀਨੀ ਬਣਾ ਕੇ ਵਿਵਸਥਾ ਕੀਤੀ ਜਾਵੇ ਯਾਨੀ ਉਨ੍ਹਾਂ ਵਿਅਕਤੀਆਂ ਨੂੰ ਵੱਖਰਾ ਰੱਖਿਆ ਜਾਵੇ, ਜਦੋਂ ਤਕ ਉਨ੍ਹਾਂ ਦੇ ਟੈਸਟਾਂ ਦੀ ਰਿਪੋਰਟ ਨਹੀਂ ਆ ਜਾਂਦੀ।
ਪ੍ਰਸ਼ਾਸ਼ਕ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਿਨ੍ਹਾਂ ਖੇਤਰਾਂ ਨੂੰ ਕੋਰੋਨਾ ਦੀ ਵਜ੍ਹਾ ਕਾਰਨ ਸੀਲ ਕੀਤਾ ਗਿਆ ਹੈ, ਉਥੇ ਘਰ ਘਰ ਸਬਜ਼ੀਆਂ ਅਤੇ ਰਾਸ਼ਨ ਪ੍ਰਦਾਨ ਕਰਨਾ ਚਾਹੀਦਾ ਹੈ ਤਾਂ ਕਿ ਲੋਕ ਘਰਾਂ ਤੋਂ ਬਾਹਰ ਨਾ ਆਉਣ।
ਮੀਟਿੰਗ ਵਿਚ ਡਾਇਰੈਕਟਰ ਹੈਲਥ ਡਾਕਟਰ ਦੀਵਾਨ ਨੇ ਕਿਹਾ ਕਿ ਕੇਂਦਰ ਸ਼ਾਸ਼ਿਤ ਪ੍ਰਦੇਸ਼ ਵਿਚ 9.15 ਲੋਕਾਂ ਦੀ ਸਕਰੀਨਿੰਗ ਹੋ ਚੁਕੀ ਹੈ। ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਕੇ ਕੇ ਯਾਦਵ ਨੇ ਦੱਸਿਆ ਕਿ ਵਿਕਰੇਤਾਵਾਂ, ਵਪਾਰੀਆਂ, ਰੇਹੜੀ ਫੜੀ ਵਾਲਿਆਂ ਅਤੇ ਦੁੱਧ ਵੇਚਣ ਵਾਲਿਆਂ ਦੀ ਜਾਂਚ ਪੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਬਜ਼ੀਆਂ ਅਤੇ ਫਲਾਂ ਲਈ 105 ਬੱਸਾਂ ਸ਼ਹਿਰ ਦੇ ਵਖ ਵੱਖ ਹਿੱਸਿਆਂ ਵਿਚ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਦੱਸਿਆ ਕੇ ਵੱਖ ਵੱਖ ਹਿੱਸਿਆਂ ਵਿਚ ਬੇਸਹਾਰਾ ਤੇ ਲੋੜਵੰਦ ਲੋਕਾਂ ਨੂੰ ਤਿਆਰ ਭੋਜਨ ਦੇ 1,31,682 ਪੈਕੇਟ ਵੰਡੇ ਜਾ ਚੁੱਕੇ ਹਨ। ਸੈਕਟਰ 39 ਦੀ ਅਨਾਜ ਮੰਡੀ ਵਿਚ 1,700 ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਵਿੱਤ ਸਕੱਤਰ ਏ ਕੇ ਸਿਨਹਾ ਨੇ ਕਿਹਾ ਕਿ ਬੇਰੁਜ਼ਗਾਰ ਮਜ਼ਦੂਰਾਂ ਨੂੰ ਅਪ੍ਰੈਲ ਮਹੀਨੇ ਦੀ ਮਜ਼ਦੂਰੀ ਤੇ ਈ ਐਸ ਆਈ ਦੇਣ ਬਾਰੇ ਵਿਸ਼ੇਸ਼ ਚਰਚਾ ਕੀਤੀ। ਡੀ ਜੀ ਪੀ ਚੰਡੀਗੜ੍ਹ ਸੰਜਯ ਬੈਨੀਪਾਲ ਨੇ ਦੱਸਿਆ ਕਿ ਕਰਫ਼ਿਊ ਨੂੰ ਸਖਤੀ ਨਾਲ ਲਾਗੂ ਕਰਨ ਲਈ 40 ਸਮਾਜ ਸੇਵੀ ਸੰਸਥਾਵਾਂ ਦੀ ਮਦਦ ਲਈ ਜਾ ਰਹੀ ਹੈ।