ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਕਿਹਾ ਕਿ ਪਿਛਲੇ ਮਹੀਨੇ ਉਨ੍ਹਾਂ ਨੇ ਅਸਤੀਫ਼ਾ ਨਿੱਜੀ ਕਾਰਨ ਕਰਕੇ ਦਿਤਾ ਸੀ। ਫਿਲਹਾਲ ਉਨ੍ਹਾਂ ਨੂੰ ਕੰਮ ਕਰਦੇ ਰਹਿਣ ਲਈ ਕਿਹਾ ਗਿਆ ਹੈ। ਅਸਤੀਫ਼ੇ ਦੇ ਅਸਲ ਕਾਰਨ ਬਾਰੇ ਉਨ੍ਹਾਂ ਕਿਹਾ, ‘ਮੈਂ ਅਸਤੀਫਾ ਭੇਜ ਦਿਤਾ ਹੈ ਪਰ ਉਹ ਮੈਨੂੰ ਨਹੀਂ ਛੱਡ ਰਹੇ ਅਤੇ ਮੈਨੂੰ ਕੰਮ ਜਾਰੀ ਰੱਖਣ ਲਈ ਕਿਹਾ ਹੈ।’
ਉਨ੍ਹਾਂ ਕਿਹਾ ਕਿ ਅਸਤੀਫ਼ੇ ਲਈ ਉਨ੍ਹਾਂ ਨੇ ਜੋ ਕਾਰਨ ਦਿਤੇ ਹਨ, ਉਹ ਸਿਰਫ਼ ਉਨ੍ਹਾਂ ਦੇ ਪਰਵਾਰਕ ਅਤੇ ਨਿੱਜੀ ਹਨ। ਰਾਜਪਾਲ ਨੇ ਕਿਹਾ,‘ਮੇਰੀ ਪਤਨੀ ਨਾਗਪੁਰ ਤੋਂ ਇਥੇ ਆਈ ਸੀ ਪਰ 10 ਦਿਨਾਂ ਬਾਅਦ ਵਾਪਸ ਚਲੀ ਗਈ। ਮੇਰਾ ਪਰਵਾਰ ਮੈਨੂੰ ਚੇਤੇ ਕਰ ਰਿਹਾ ਹੈ। ਮੈਂ ਭਾਰਤੀ ਵਿਦਿਆ ਭਵਨ ਦਾ ਅੰਤਰਰਾਸ਼ਟਰੀ ਉਪ ਪ੍ਰਧਾਨ ਵੀ ਹਾਂ ਅਤੇ ਮੈਂ 1984 ਵਿਚ ਨਾਗਪੁਰ ਕੇਂਦਰ ਦੀ ਸ਼ੁਰੂਆਤ ਕੀਤੀ ਸੀ।’
ਦੱਸ ਦੇਈਏ ਕਿ ਬਨਵਾਰੀਲਾਲ ਪੁਰੋਹਿਤ ਨੇ ਪਿਛਲੇ ਮਹੀਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਅਪਣਾ ਅਸਤੀਫਾ ਸੌਂਪਿਆ ਸੀ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਵੀਰਵਾਰ ਨੂੰ ਯੂਟੀ ਸਕੱਤਰੇਤ ਵਿਖੇ ਇਕ ਪ੍ਰੈਸ ਕਾਨਫਰੰਸ ਕੀਤੀ ਅਤੇ ਅਪਣੇ ਢਾਈ ਸਾਲ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਦੀ ਗਿਣਤੀ ਕੀਤੀ।
ਇਸ ਦੌਰਾਨ ਪ੍ਰਸ਼ਾਸਕ ਨੇ ਕਿਹਾ ਕਿ ਚੰਡੀਗੜ੍ਹ ਵਿਚ ਬੇਮਿਸਾਲ ਵਿਕਾਸ ਹੋਇਆ ਹੈ। ਪੰਜਾਬ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਤਾਲਮੇਲ ਦੀ ਕੋਈ ਕਮੀ ਨਹੀਂ ਹੈ। ਨਿਗਮ ਵਿਵਾਦ ‘ਤੇ ਪੁਰੋਹਿਤ ਨੇ ਕਿਹਾ ਕਿ ਉਨ੍ਹਾਂ ਦਾ ਚੰਡੀਗੜ੍ਹ ਨਗਰ ਨਿਗਮ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਹਾਲਾਂਕਿ ਵਿੱਤ ਕਮੇਟੀ ਦੇ ਗਠਨ ਤੋਂ ਬਿਨਾਂ ਬਜਟ ਪਾਸ ਨਹੀਂ ਹੋਣਾ ਚਾਹੀਦਾ। ਪ੍ਰਸ਼ਾਸਕ ਨੇ ਕਿਹਾ ਕਿ ਯੂਟੀ ਮੁਲਾਜ਼ਮਾਂ ਲਈ ਰਿਹਾਇਸ਼ੀ ਸਕੀਮ ਬੰਦ ਨਹੀਂ ਕੀਤੀ ਗਈ ਹੈ। ਜੇਕਰ ਕੁਲੈਕਟਰ ਰੇਟ ‘ਤੇ ਸਹਿਮਤ ਹੁੰਦਾ ਹੈ ਤਾਂ ਉਹ ਫਲੈਟ ਬਣਾਉਣ ਲਈ ਤਿਆਰ ਹੈ। ਮੈਂ ਕਰਮਚਾਰੀਆਂ ਦੀ ਭਲਾਈ ਲਈ ਸਮਰਪਿਤ ਹਾਂ। ਜੇਕਰ ਲੋੜ ਪਈ ਤਾਂ ਅਸੀਂ ਹਲਫ਼ਨਾਮੇ ਨੂੰ ਬਦਲ ਦੇਵਾਂਗੇ।
ਚੰਡੀਗੜ੍ਹ ਪ੍ਰਸ਼ਾਸਕ ਨੇ ਅਪਣੇ ਹੁਣ ਤਕ ਦੇ ਕਾਰਜਕਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਪਿਛਲੇ ਢਾਈ ਸਾਲਾਂ ਵਿਚ ਬਹੁਤ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜਨਤਾ ਦੀ ਭਲਾਈ ਲਈ ਹੀ ਕੰਮ ਕੀਤੇ ਗਏ ਹਨ। ਪੁਰੋਹਿਤ ਤਿੰਨ ਵਾਰ ਸੰਸਦ ਮੈਂਬਰ, ਅਸਾਮ ਦੇ ਰਾਜਪਾਲ ਅਤੇ 18 ਮਹੀਨਿਆਂ ਲਈ ਮੇਘਾਲਿਆ ਦੇ ਰਾਜਪਾਲ ਵਜੋਂ ਵਾਧੂ ਚਾਰਜ ਸੰਭਾਲਿਆ। ਪੰਜਾਬ ਦੇ ਰਾਜਪਾਲ ਬਣਾਏ ਜਾਣ ਤੋਂ ਪਹਿਲਾਂ ਉਹ ਚਾਰ ਸਾਲ ਤਾਮਿਲਨਾਡੂ ਦੇ ਰਾਜਪਾਲ ਸਨ।