Shabad Vichaar 73 – ਸਲੋਕ ੪੭ ਤੇ ੫੦ ਦੀ ਵਿਚਾਰ

TeamGlobalPunjab
5 Min Read

ਨੌਵੇਂ ਮਹਲੇ ਦੇ 57 ਸਲੋਕਾਂ ਦੀ ਲੜੀਵਾਰ ਵਿਚਾਰ – Shabad Vichaar -73

ਸਲੋਕ ਤੇ ੫੦ ਦੀ ਵਿਚਾਰ

ਡਾ. ਗੁਰਦੇਵ ਸਿੰਘ*

ਬਿਰਧ ਅਵਸਥਾ ਵਿੱਚ ਅੱਖਾਂ ਦੀ ਰੋਸ਼ਨੀ ਘੱਟ ਜਾਂਦੀ ਹੈ। ਹੱਥ ਪੈਰ ਕੰਬਣ ਲਗ ਜਾਂਦੇ ਹਨ ਅਜਿਹੀ ਹਾਲਤ ਵਿੱਚ ਮਨੁੱਖ ਸਰੀਰ ਚਾਅ ਕੇ ਵੀ ਰੱਬ ਦਾ ਨਾਮ ਨਹੀਂ ਜਪ ਪਾਉਂਦਾ। ਮਾਇਆ ਵਿੱਚ ਗ੍ਰਸਿਆ ਮਨੁੱਖ ਸਾਰੀ ਉਮਰ ਅਜਾਂਈ ਗੁਜ਼ਾਰ ਦਿੰਦਾ ਹੈ। ਬੁਢਾਪੇ ਸਮੇਂ ਫਿਰ ਸਰੀਰ ਵਿੱਚ ਨਾਹੀ ਉਹ ਤਾਕਤ ਹੀ ਰਹਿੰਦੀ ਹੈ ਬਲਕਿ ਸਰੀਰ ਰੋਗੀ ਹੋ ਜਾਂਦਾ ਹੈ। ਫਿਰ ਰੱਬ ਦਾ ਨਾਮ ਜਪਣਾ ਅਤਿ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਵਿੱਚ ਸਾਨੂੰ ਵਕਤ ਸੰਭਾਲਣਾ ਚਾਹੀਦਾ ਹੈ। ਗੁਰਬਾਣੀ ਵੀ ਸਾਨੂੰ ਵਾਰ ਵਾਰ ਤਾਕੀਦ ਕਰਦੀ ਹੈ:

ਨੌਵੇਂ ਮਹਲੇ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਵਿਚਾਰ ਦੀ ਲੜੀ ਅਧੀਨ ਅਸੀਂ ਅੱਜ ਨੌਵੇਂ ਮਹਲੇ ਦੇ 57 ਸਲੋਕਾਂ ਵਿਚਲੇ 47 ਤੋਂ 50 ਤਕ ਦੇ ਸਲੋਕਾਂ ਦੀ ਵਿਚਾਰ ਕਰਾਂਗੇ। ਇਨ੍ਹਾਂ ਸਲੋਕਾਂ ਵਿੱਚ ਗੁਰੂ ਸਾਹਿਬ ਮਨੁੱਖ ਨੂੰ ਵਕਤ ਦੀ ਸੰਭਾਲ ਕਰਦਿਆਂ ਉਸ ਅਕਾਲ ਪੁਰਖ ਦਾ ਨਾਮ ਜਪਣ ਦਾ ਉਪਦੇਸ਼ ਦੇ ਰਹੇ ਹਨ:

ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ ॥ ਕਹੁ ਨਾਨਕ ਇਹ ਬਿਧਿ ਭਈ ਤਊ ਨ ਹਰਿ ਰਸਿ ਲੀਨ ॥੪੭॥

ਹੇ ਨਾਨਕ! ਆਖ– (ਹੇ ਭਾਈ! ਬੁਢੇਪਾ ਆ ਜਾਣ ਤੇ ਮਨੁੱਖ ਦਾ) ਸਿਰ ਕੰਬਣ ਲੱਗ ਪੈਂਦਾ ਹੈ (ਤੁਰਦਿਆਂ) ਪੈਰ ਥਿੜਕਦੇ ਹਨ, ਅੱਖਾਂ ਦੀ ਜੋਤਿ ਮਾਰੀ ਜਾਂਦੀ ਹੈ (ਬੁਢੇਪੇ ਨਾਲ ਸਰੀਰ ਦੀ) ਇਹ ਹਾਲਤ ਹੋ ਜਾਂਦੀ ਹੈ, ਫਿਰ ਭੀ (ਮਾਇਆ ਦਾ ਮੋਹ ਇਤਨਾ ਪ੍ਰਬਲ ਹੁੰਦਾ ਹੈ ਕਿ ਮਨੁੱਖ) ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਗਨ ਨਹੀਂ ਹੁੰਦਾ।47।

ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥ ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥੪੮॥

ਹੇ ਨਾਨਕ! (ਆਖ– ਹੇ ਭਾਈ!) ਮੈਂ ਜਗਤ ਨੂੰ ਆਪਣਾ ਸਮਝ ਕੇ (ਹੀ ਹੁਣ ਤਕ) ਵੇਖਦਾ ਰਿਹਾ, (ਪਰ ਇਥੇ ਤਾਂ) ਕੋਈ ਕਿਸੇ ਦਾ ਭੀ (ਸਦਾ ਲਈ ਆਪਣਾ) ਨਹੀਂ ਹੈ। ਸਦਾ ਕਾਇਮ ਰਹਿਣ ਵਾਲੀ ਤਾਂ ਪਰਮਾਤਮਾ ਦੀ ਭਗਤੀ (ਹੀ) ਹੈ। ਹੇ ਭਾਈ! ਇਸ (ਭਗਤੀ) ਨੂੰ (ਆਪਣੇ) ਮਨ ਵਿਚ ਪ੍ਰੋ ਰੱਖ।48।

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥

ਨਾਨਕ ਆਖਦਾ ਹੈ– ਹੇ ਮਿੱਤਰ! ਇਹ ਗੱਲ ਸੱਚੀ ਜਾਣ ਕਿ ਜਗਤ ਦੀ ਸਾਰੀ ਹੀ ਰਚਨਾ ਨਾਸਵੰਤ ਹੈ। ਰੇਤ ਦੀ ਕੰਧ ਵਾਂਗ (ਜਗਤ ਵਿਚ) ਕੋਈ ਭੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ।49।

ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥

ਹੇ ਨਾਨਕ! ਆਖ– (ਹੇ ਭਾਈ! ਸ੍ਰੀ) ਰਾਮ (-ਚੰਦ੍ਰ) ਕੂਚ ਕਰ ਗਿਆ, ਰਾਵਨ ਭੀ ਚੱਲ ਵੱਸਿਆ ਜਿਸ ਨੂੰ ਵੱਡੇ ਪਰਵਾਰ ਵਾਲਾ ਕਿਹਾ ਜਾਂਦਾ ਹੈ। (ਇਥੇ) ਕੋਈ ਭੀ ਸਦਾ ਕਾਇਮ ਰਹਿਣ ਵਾਲਾ ਪਦਾਰਥ ਨਹੀਂ ਹੈ। (ਇਹ) ਜਗਤ ਸੁਪਨੇ ਵਰਗਾ (ਹੀ) ਹੈ।50।

ਉਕਤ ਸਲੋਕਾਂ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਉਪਦੇਸ਼ ਰਹੇ ਹਨ ਕਿ ਹੇ ਭਾਈ ਬੁਢਾਪੇ ਦਾ ਇੰਤਜ਼ਾਰ ਨਾ ਕਰ ਕਿਉਂਕਿ ਬੁਢਾਪੇ ਵਿੱਚ ਸਰੀਰ ਸਾਥ ਨਹੀਂ ਦਿੰਦਾ। ਇਸ ਲਈ ਸਮਾਂ ਰਹਿੰਦੇ ਹੀ ਰੱਬ ਦਾ ਨਾਮ ਸਿਮਰਨਾ ਸ਼ੁਰੂ ਕਰ ਦਿਓ। ਇਸ ਸੰਸਾਰ ਵਿੱਚ ਸਵਾਏ ਵਾਹਿਗੁਰੂ ਦੇ ਨਾਮ ਤੋਂ ਕੋਈ ਵੀ ਸੱਚਾ ਸਾਥੀ ਨਹੀਂ ਹੈ। ਇਹ ਸੰਸਾਰ ਰੇਤ ਦੀ ਕੰਧ ਦੀ ਤਰ੍ਹਾਂ ਹੈ ਜਿਸ ਨੂੰ ਖਤਮ ਹੋਣ ਵਿੱਚ ਰਤਾ ਭਰ ਦੇਰ ਨਹੀਂ ਲਗਦੀ। ਇਸ ਸੰਸਾਰ ਤੋਂ ਸ੍ਰੀ ਰਾਮ ਚੰਦ੍ਰ ਵਰਗੇ ਜਿਨ੍ਹਾਂ ਨੂੰ ਲੋਕ ਪੂਜਦੇ ਸਨ, ਰਾਵਨ ਵਰਗੇ ਜਿਸ ਦਾ ਇੱਕ ਵੱਡਾ ਪਰਵਾਰ ਸੀ, ਉਹ ਵੀ ਚੱਲ ਗਏ ਇਸ ਲਈ ਇਸ ਸੰਸਾਰ ਵਿੱਚ ਕੋਈ ਟਿੱਕਣ ਵਾਲਾ ਨਹੀਂ। ਸੋ ਅਸੀਂ ਸਾਰਿਆਂ ਨੇ ਇਸ ਸੰਸਾਰ ਤੋਂ ਚਲੇ ਜਾਣਾ ਹੈ ਇਸ ਲਈ ਆਪਣੇ ਸਮੇਂ ਨੂੰ ਸੰਭਾਲਣ ਦਾ ਯਤਨ ਕਰਨਾ ਚਾਹੀਦਾ ਹੈ।

ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 57 ਸਲੋਕਾਂ ਵਿਚਲੇ ਅਗਲੇ ਸਲੋਕਾਂ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ।ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ।ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

*[email protected]

Share This Article
Leave a Comment