ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 55ਵੇਂ ਸ਼ਬਦ ਦੀ ਵਿਚਾਰ – Shabad Vichaar -55
ਮਨ ਕਰਿ ਕਬਹੂ ਨ ਹਰਿ ਗੁਨ ਗਾਇਓ ॥ ਸ਼ਬਦ ਵਿਚਾਰ
ਡਾ. ਗੁਰਦੇਵ ਸਿੰਘ*
ਮਨੁੱਖ ਮਨ ਦੇ ਪਿੱਛੇ ਲੱਗ ਕੇ ਉਹ ਕੰਮ ਕਰਦਾ ਰਹਿੰਦਾ ਹੈ ਜੋ ਮਨ ਨੂੰ ਚੰਗੇ ਲੱਗਦੇ ਹਨ। ਹਮੇਸ਼ਾਂ ਮਨ ਦੀ ਪਕੜ ਵਿੱਚ ਜਕੜਿਆ ਮਨੱਖ ਮਾਇਆ ਦੇ ਮਨਮੋਹਕ ਜਾਲ ਵਿੱਚ ਫਸ ਜਾਂਦਾ ਹੈ। ਉਸ ਨੂੰ ਮਾਇਆ ਦਾ ਜਾਲ ਚੰਗਾ ਲੱਗਦਾ ਹੈ ਉਹ ਉਸ ਵਿਚੋਂ ਨਿਕਲਣਾ ਹੀ ਨਹੀਂ ਚਾਹੁੰਦਾ। ਮਾਇਆ ਦੇ ਫੋਕੇ ਰੰਗਾਂ ਵਿੱਚ ਰੰਗਿਆ ਬੰਦਾ ਰੱਬ ਦੇ ਨਾਮ ਤੋਂ ਇਨਕਾਰੀ ਹੋ ਜਾਂਦਾ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਇਸ ਫੋਕੀ ਸੋਹਣੀ ਦੁਨੀਆਂ ਦਾ ਸੱਚ ਖੋਲ ਕੇ ਸਹਾਮਣੇ ਰੱਖਦੀ ਹੈ ਤੇ ਸਾਨੂੰ ਸੱਚੇ ਨਾਮ ਦੇ ਲੜ ਲੱਗਣ ਦੀ ਪ੍ਰੇਣਾ ਦਿੰਦੀ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 55ਵੇਂ ਸ਼ਬਦ ‘ਮਨ ਕਰਿ ਕਬਹੂ ਨ ਹਰਿ ਗੁਨ ਗਾਇਓ ॥ ਬਿਖਿਆਸਕਤ ਰਹਿਓ ਨਿਸਿ ਬਾਸੁਰ ਕੀਨੋ ਅਪਨੋ ਭਾਇਓ ॥੧॥’ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1232 ‘ਤੇ ਰਾਗ ਸਾਰੰਗ ਅਧੀਨ ਅੰਕਿਤ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸਾਰੰਗ ਰਾਗ ਵਿਚਲਾ ਚੌਥਾ ਤੇ ਅੰਤਿਮ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਜੀ ਮਨ ਦੇ ਪਿੱਛੇ ਮਨੁੱਖ ਨੂੰ ਉਪਦੇਸ਼ ਦੇ ਰਹੇ ਹਨ।
ਸਾਰੰਗ ਮਹਲਾ ੯ ॥
ਮਨ ਕਰਿ ਕਬਹੂ ਨ ਹਰਿ ਗੁਨ ਗਾਇਓ॥ ਬਿਖਿਆਸਕਤ ਰਹਿਓ ਨਿਸਿ ਬਾਸੁਰ ਕੀਨੋ ਅਪਨੋ ਭਾਇਓ ॥੧॥ ਰਹਾਉ ॥
ਹੇ ਪ੍ਰਭੂ! ਮੈਂ ਮਨ ਲਾ ਕੇ ਕਦੇ ਭੀ ਤੇਰੇ ਗੁਣ ਨਹੀਂ ਗਾਂਦਾ ਰਿਹਾ। ਮੈਂ ਦਿਨ ਰਾਤ ਮਾਇਆ ਵਿਚ ਹੀ ਮਗਨ ਰਿਹਾ, ਉਹੀ ਕੁਝ ਕਰਦਾ ਰਿਹਾ, ਜੋ ਮੈਨੂੰ ਆਪ ਨੂੰ ਚੰਗਾ ਲੱਗਦਾ ਸੀ।1। ਰਹਾਉ।
ਗੁਰ ਉਪਦੇਸੁ ਸੁਨਿਓ ਨਹਿ ਕਾਨਨਿ ਪਰ ਦਾਰਾ ਲਪਟਾਇਓ॥ ਪਰ ਨਿੰਦਾ ਕਾਰਨਿ ਬਹੁ ਧਾਵਤ ਸਮਝਿਓ ਨਹ ਸਮਝਾਇਓ ॥੧॥
ਹੇ ਹਰੀ! ਮੈਂ ਕੰਨਾਂ ਨਾਲ ਗੁਰੂ ਦੀ ਸਿੱਖਿਆ (ਕਦੇ) ਨਾਹ ਸੁਣੀ, ਪਰਾਈ ਇਸਤ੍ਰੀ ਵਾਸਤੇ ਕਾਮ-ਵਾਸਨਾ ਰੱਖਦਾ ਰਿਹਾ। ਦੂਜਿਆਂ ਦੀ ਨਿੰਦਾ ਕਰਨ ਵਾਸਤੇ ਬਹੁਤ ਦੌੜ-ਭੱਜ ਕਰਦਾ ਰਿਹਾ। ਸਮਝਾਦਿਆਂ ਭੀ ਮੈਂ (ਕਦੇ) ਨਾਹ ਸਮਝਿਆ (ਕਿ ਇਹ ਕੰਮ ਮਾੜਾ ਹੈ) ।1।
ਕਹਾ ਕਹਉ ਮੈ ਅਪੁਨੀ ਕਰਨੀ ਜਿਹ ਬਿਧਿ ਜਨਮੁ ਗਵਾਇਓ ॥ ਕਹਿ ਨਾਨਕ ਸਭ ਅਉਗਨ ਮੋ ਮਹਿ ਰਾਖਿ ਲੇਹੁ ਸਰਨਾਇਓ ॥੨॥੪॥੩॥੧੩॥੧੩੯॥੪॥੧੫੯॥
ਹੇ ਹਰੀ! ਜਿਸ ਤਰ੍ਹਾਂ ਮੈਂ ਆਪਣਾ ਜੀਵਨ ਅਜਾਈਂ ਗਵਾ ਲਿਆ, ਉਹ ਮੈਂ ਕਿੱਥੋਂ ਤਕ ਆਪਣੀ ਕਰਤੂਤ ਦੱਸਾਂ? ਨਾਨਕ ਆਖਦਾ ਹੈ– ਹੇ ਪ੍ਰਭੂ! ਮੇਰੇ ਅੰਦਰ ਸਾਰੇ ਔਗੁਣ ਹੀ ਹਨ। ਮੈਨੂੰ ਆਪਣੀ ਸਰਨ ਵਿਚ ਰੱਖ।2।4।3।13। 139।4। 159।
ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਕਤ ਸ਼ਬਦ ਵਿੱਚ ਸਾਨੂੰ ਉਪਦੇਸ਼ ਕਰ ਰਹੇ ਹਨ ਹੇ ਭਾਈ ਮਨ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਅਜਾਂਈ ਨਾ ਗਵਾ। ਸਗੋਂ ਉਸ ਅਕਾਲ ਪੁਰਖ ਅੱਗੇ ਹਮੇਸ਼ਾਂ ਇਹ ਬੇਨਤੀ ਕਰ ਕਿ ਹੇ ਪ੍ਰਭੂ ਮੈਨੂੰ ਆਪਣੀ ਸ਼ਰਣ ਵਿੱਚ ਲੈ ਲਵੋ। ਜੋ ਮਨੁੱਖ ਆਪਣੇ ਮਨ ਦੇ ਪਿੱਛੇ ਲੱਗਦਾ ਹੈ ਉਹ ਮਾਇਆ ਰੂਪੀ ਜਾਲ ਵਿੱਚ ਫਸ ਜਾਂਦਾ ਹੈ। ਉਹ ਫਿਰ ਨਾ ਤਾਂ ਕੰਨਾਂ ਨਾਲ ਰੱਬ ਦਾ ਹੀ ਨਾਮ ਸੁਣਦਾ ਹੈ ਅਤੇ ਨਾ ਹੀ ਆਪਣੀ ਕਾਮਿਕ ਬਿਰਤੀ ਨੂੰ ਹੀ ਵੱਸ ਵਿੱਚ ਕਰ ਪਾਉਂਦਾ ਹੈ। ਸਗੋਂ ਪਰਾਈ ਨਿੰਦਾ ਵੀ ਕਰਨ ਲੱਗ ਜਾਂਦਾ ਹੈ। ਇਸ ਤਰ੍ਹਾਂ ਔਗਣਾਂ ਭਰਿਆ ਮਨੁੱਖ ਹੋਰ ਔਗਣ ਸੇਹੜੀ ਜਾਂਦਾ ਹੈ। ਗੁਰੂ ਸਾਹਿਬ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਹੇ ਭਾਈ ਤੂੰ ਆਪਣੇ ਔਗੁਣਾਂ ਤੋਂ ਜੇ ਬਾਹਰ ਨਿਕਲਣਾ ਹੈ ਤਾਂ ਅਕਾਲ ਪੁਰਖ ਅੱਗੇ ਅਰਦਾਸ ਕਰ ਕਿ ਹੇ ਵਾਹਿਗੁਰੂ ਮੈਨੂੰ ਆਪਣੀ ਸ਼ਰਣ ਵਿੱਚ ਰੱਖ ਲੈ।
ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 56ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥