ਮਨਮੋਹਕ ਸੋਹਣੀ ਦੁਨੀਆਂ ਦਾ ਅਸਲ ਸੱਚ
ਡਾ. ਗੁਰਦੇਵ ਸਿੰਘ
ਜਗ ਵਿੱਚ ਵਿਚਰਦਿਆਂ ਸਾਡਾ ਆਪਣੇ ਪਿਤਾ ਨਾਲ, ਮਾਂ ਨਾਲ, ਪਤਨੀ ਜਾਂ ਪਤੀ ਨਾਲ, ਫਿਰ ਬੱਚਿਆਂ ਨਾਲ ਮੋਹ ਦੀਆਂ ਤੰਦਾਂ ਐਨੀਆਂ ਗੂੜੀਆਂ ਬੱਝ ਜਾਂਦੀਆਂ ਹਨ ਕਿ ਅਸੀਂ ਉਨ੍ਹਾਂ ਤੋਂ ਇੱਕ ਪਲ ਦੂਰ ਨਹੀਂ ਸਕਦੇ। ਸਾਨੂੰ ਆਪਣੀ ਇਸ ਦੁਨੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਦਿਸਦਾ। ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਅੱਜ ਅਸੀਂ ਜਿਸ ਸ਼ਬਦ ਦੀ ਵਿਚਾਰ ਕਰਨ ਲੱਗੇ ਹਾਂ ਉਸ ਵਿੱਚ ਨੌਵੇਂ ਪਾਤਸ਼ਾਹ ਰਿਸ਼ਤੇ ਨਾਤਿਆਂ ਦੇ ਇਸ ਖੂਬਸੂਰਤ ਦਿਸਣ ਵਾਲੇ ਸੰਸਾਰ ਦੀ ਅਸਲ ਸਚਾਈ ਤੋਂ ਜਾਣੂ ਕਰਵਾਉਂਦੇ ਹਨ। ਅੱਜ ਅਸੀਂ ਸਭ ਕਿਛੁ ਜੀਵਤ ਕੋ ਬਿਵਹਾਰ॥ ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ॥੧॥ ਦੀ ਵਿਚਾਰ ਕਰਾਂਗੇ। ਇਹ ਸ਼ਬਦ ਦੇਵਗੰਧਾਰੀ ਰਾਗ ਅਧੀਨ ਉਚਾਰਨ ਕੀਤਾ ਹੋਇਆ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 536 ‘ਤੇ ਅੰਕਿਤ ਹੈ।
ਦੇਵਗੰਧਾਰੀ ਮਹਲਾ ੯॥
ਸਭ ਕਿਛੁ ਜੀਵਤ ਕੋ ਬਿਵਹਾਰ॥
ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ॥੧॥ਰਹਾਉ॥
ਹੇ ਭਾਈ! ਮਾਂ, ਪਿਉ, ਭਰਾ, ਪੁੱਤਰ, ਰਿਸ਼ਤੇਦਾਰ ਅਤੇ ਘਰ ਦੀ ਵਹੁਟੀ ਭੀ-ਇਹ ਸਭ ਕੁਝ ਜਿਊਂਦਿਆਂ ਦਾ ਹੀ ਮੇਲ-ਜੋਲ ਹੈ।੧।ਰਹਾਉ।
ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ ਪੁਕਾਰਿ॥ ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ॥੧॥
ਹੇ ਭਾਈ! ਮੌਤ ਆਉਣ ਤੇ) ਜਦੋਂ ਜਿੰਦ ਸਰੀਰ ਨਾਲੋਂ ਵੱਖਰੀ ਹੋ ਜਾਂਦੀ ਹੈ, ਤਾਂ (ਇਹ ਸਾਰੇ ਸਨਬੰਧੀ) ਉੱਚੀ ਉੱਚੀ ਆਖਦੇ ਹਨ ਕਿ ਇਹ ਗੁਜ਼ਰ ਚੁੱਕਾ ਹੈ ਗੁਜ਼ਰ ਚੁੱਕਾ ਹੈ। ਕੋਈ ਭੀ ਸਨਬੰਧੀ ਅੱਧੀ ਘੜੀ ਲਈ ਭੀ (ਉਸ ਨੂੰ) ਘਰ ਵਿਚ ਨਹੀਂ ਰੱਖਦਾ, ਘਰ ਤੋਂ ਕੱਢ ਦੇਂਦੇ ਹਨ।੧।
ਮ੍ਰਿਗ ਤ੍ਰਿਸਨਾ ਜਿਉ ਜਗ ਰਚਨਾ ਯਹ ਦੇਖਹੁ ਰਿਦੈ ਬਿਚਾਰਿ॥ ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਹੋਤ ਉਧਾਰ॥੨॥੨॥
ਹੇ ਭਾਈ! ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ, ਇਹ ਜਗਤ-ਖੇਡ ਠਗ-ਨੀਰੇ ਵਾਂਗ ਹੈ (ਤ੍ਰਿਹਾਏ ਹਰਨ ਦੇ ਪਾਣੀ ਪਿੱਛੇ ਦੌੜਨ ਵਾਂਗ ਮਨੁੱਖ ਮਾਇਆ ਪਿੱਛੇ ਦੌੜ ਦੌੜ ਕੇ ਆਤਮਕ ਮੌਤੇ ਮਰ ਜਾਂਦਾ ਹੈ। ਹੇ ਨਾਨਕ! ਆਖ-(ਹੇ ਭਾਈ!) ਸਦਾ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਜਿਸ ਦੀ ਬਰਕਤਿ ਨਾਲ (ਸੰਸਾਰ ਦੇ ਮੋਹ ਤੋਂ) ਪਾਰ-ਉਤਾਰਾ ਹੁੰਦਾ ਹੈ।੨।੨।
ਨੌਵੇਂ ਨਾਨਕ ਇਸ ਉਕਤ ਸ਼ਬਦ ਦੇ ਰਾਹੀਂ ਕ੍ਰਿਪਾ ਕਰਦੇ ਹਨ ਕਿ ਮਾਂ, ਪਿਉ, ਭਰਾ, ਪੁੱਤਰ, ਪਤੀ ਜਾਂ ਪਤਨੀ, ਰਿਸ਼ਤੇਦਾਰ ਆਦਿ ਇਹ ਸਭ ਕੁਝ ਜਿਊਂਦਿਆਂ ਦੇ ਨਾਲ ਹੈ। ਮੌਤ ਆਉਣ ਤੇ ਇਹੀ ਸਾਰੇ ਸਕੇ ਸਬੰਧੀ ਪਲਾਂ ਵਿੱਚ ਘਰ ਤੋਂ ਕੱਢ ਦੇਂਦੇ ਹਨ। ਅਖੀਰ ਗੁਰੂ ਜੀ ਉਪਦੇਸ਼ ਕਰਦੇ ਹਾਂ ਕਿ ਹੇ ਭਾਈ ਪ੍ਰਮਾਤਮਾ ਦਾ ਹਮੇਸ਼ਾਂ ਨਾਮ ਸਿਮਰਨ ਕਰਿਆ ਕਰ ਜਿਸ ਦੀ ਬਰਕਤ ਨਾਲ ਸੰਸਾਰ ਸਾਗਰ ਤੋਂ ਪਾਰ ਹੋਣਾ ਹੈ। ਸੋਮਵਾਰ ਸ਼ਾਮੀ 6 ਵਜੇ ਦੁਬਾਰਾ ਫਿਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 13ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਸ਼ਬਦ ਦੀ ਵਿਚਾਰ ਲਈ ਅਧਾਰ ਸਰੋਤ ਪ੍ਰੋਫੈਸਰ ਸਾਹਿਬ ਸਿੰਘ ਦੁਆਰਾ ਗੁਰਬਾਣੀ ਦੇ ਕੀਤੇ ਟੀਕੇ ਨੂੰ ਬਣਾਇਆ ਜਾਂਦਾ ਹੈ। ਗੁਰਬਾਣੀ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ ਸਾਨੂੰ ਖੁਸ਼ੀ ਹੋਵੇਗੀ। ਤੁਹਾਡੇ ਸੁਝਾਅ ਸਾਡਾ ਮਾਰਗ ਦਰਸ਼ਨ ਕਰਨਗੇ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥