ਨਿਊਜ਼ ਡੈਸਕ: ਪਿਛਲੇ ਸਾਲ ਸ਼ੇਖ ਹਸੀਨਾ ਦੀ ਸਰਕਾਰ ਦੇ ਤਖ਼ਤਾਪਲਟ ਤੋਂ ਬਾਅਦ ਬੰਗਲਾਦੇਸ਼ ਵਿੱਚ ਹਾਲਾਤ ਆਮ ਵਾਂਗ ਨਹੀਂ ਹੋਏ ਹਨ। ਭੀੜ ਵੱਲੋਂ ਸਮੇਂ-ਸਮੇਂ ‘ਤੇ ਕੋਈ ਨਾ ਕੋਈ ਅਪਰਾਧ ਕੀਤਾ ਜਾ ਰਿਹਾ ਹੈ। ਹੁਣ ਬੰਗਲਾਦੇਸ਼ ਵਿੱਚ ਨੋਬਲ ਪੁਰਸਕਾਰ ਜੇਤੂ ਰਬਿੰਦਰਨਾਥ ਟੈਗੋਰ ਦੇ ਜੱਦੀ ਘਰ ਵਿੱਚ ਭੰਨਤੋੜ ਦੀ ਇੱਕ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬੰਗਲਾਦੇਸ਼ ਵਿੱਚ ਇੱਕ ਭੀੜ ਨੇ ਸਿਰਾਜਗੰਜ ਜ਼ਿਲ੍ਹੇ ਵਿੱਚ ਰਬਿੰਦਰਨਾਥ ਟੈਗੋਰ ਦੇ ਜੱਦੀ ਘਰ ‘ਤੇ ਹਮਲਾ ਕਰਕੇ ਭੰਨਤੋੜ ਕੀਤੀ ਹੈ।
ਜਾਣਕਾਰੀ ਅਨੁਸਾਰ 8 ਜੂਨ ਨੂੰ ਇੱਕ ਵਿਅਕਤੀ ਆਪਣੇ ਪਰਿਵਾਰ ਨਾਲ ਸਿਰਾਜਗੰਜ ਜ਼ਿਲ੍ਹੇ ਵਿੱਚ ਸਥਿਤ ਕਚਹਰੀਬਾੜੀ ਗਿਆ ਸੀ। ਦਸ ਦੇਈਏ ਕਿ ਕਚਹਿਰੀਬਾੜੀ ਨੂੰ ਰਬਿੰਦਰ ਕਚਹਿਰੀਬਾੜੀ ਜਾਂ ਰਬਿੰਦਰ ਸਮਾਰਕ ਅਜਾਇਬ ਘਰ ਵੀ ਕਿਹਾ ਜਾਂਦਾ ਹੈ। ਇੱਥੇ ਉਸਦਾ ਐਂਟਰੀ ਗੇਟ ‘ਤੇ ਆਪਣਾ ਮੋਟਰਸਾਈਕਲ ਪਾਰਕ ਕਰਨ ਦੇ ਪੈਸੇ ਨੂੰ ਲੈ ਕੇ ਕਰਮਚਾਰੀ ਨਾਲ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ, ਉਸ ਵਿਅਕਤੀ ਨੂੰ ਇੱਕ ਦਫਤਰ ਦੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ, ਘਟਨਾ ਕਾਰਨ ਸਥਾਨਿਕ ਲੋਕ ਭੜਕ ਗਏ। ਲੋਕਾਂ ਨੇ ਪਹਿਲਾਂ ਵਿਰੋਧ ਕੀਤਾ ਅਤੇ ਫਿਰ ਭੀੜ ਨੇ ਕਚਹਰੀਬਾੜੀ ਦੇ ਆਡੀਟੋਰੀਅਮ ‘ਤੇ ਹਮਲਾ ਕਰਕੇ ਭੰਨਤੋੜ ਕੀਤੀ ਅਤੇ ਸੰਸਥਾ ਦੇ ਇੱਕ ਡਾਇਰੈਕਟਰ ਦੀ ਵੀ ਕੁੱਟਮਾਰ ਕੀਤੀ।
ਰਿਪੋਰਟ ਅਨੁਸਾਰ ਬੰਗਲਾਦੇਸ਼ ਦੇ ਪੁਰਾਤੱਤਵ ਵਿਭਾਗ ਨੇ ਸਿਰਾਜਗੰਜ ਜ਼ਿਲ੍ਹੇ ਵਿੱਚ ਰਬਿੰਦਰਨਾਥ ਟੈਗੋਰ ਦੇ ਜੱਦੀ ਘਰ ਦੀ ਭੰਨਤੋੜ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਇਸ ਜਾਂਚ ਕਮੇਟੀ ਨੂੰ 5 ਕੰਮਕਾਜੀ ਦਿਨਾਂ ਦੇ ਅੰਦਰ ਮਾਮਲੇ ‘ਤੇ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਅਟੱਲ ਹਾਲਾਤਾਂ ਦੇ ਕਾਰਨ, ਕਚਹਿਰੀਬਾੜੀ ਵਿੱਚ ਲੋਕਾਂ ਦੇ ਦਾਖਲੇ ਨੂੰ ਵੀ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਹੈ।