ਚੰਡੀਗੜ੍ਹ ( ਦਰਸ਼ਨ ਸਿੰਘ ਖੋਖਰ ): ਲੋਕ ਇਨਸਾਫ ਪਾਰਟੀ ਕਿਸਾਨਾਂ ਦੇ ਮਸਲੇ ‘ਤੇ 22 ਜੂਨ ਤੋਂ ਲੈ ਕੇ 26 ਜੂਨ ਤੱਕ ਪੰਜਾਬ ਵਿੱਚ ਸਾਈਕਲ ਮਾਰਚ ਕਰੇਗੀ। ਇਸ ਯਾਤਰਾ ਦੌਰਾਨ ਕੇਂਦਰ ਸਰਕਾਰ ਵੱਲੋਂ ਕਿਸਾਨੀ ਨੂੰ ਤਬਾਹ ਕਰਨ ਲਈ ਲਿਆਂਦੇ ਗਏ 3 ਆਰਡੀਨੈਂਸਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਇਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਵੱਧ ਅਧਿਕਾਰਾਂ ਦਾ ਹਾਮੀ ਹੈ ਅਤੇ ਉਨ੍ਹਾਂ ਦੀ ਪਾਰਟੀ ਇਸ ਮਸਲੇ ‘ਤੇ ਡਟ ਕੇ ਸਟੈਂਡ ਲੈਂਦੀ ਰਹੀ ਹੈ ਪਰ ਹੁਣ ਅਕਾਲੀ ਦਲ ਵਾਲੇ ਕਿਉਂਕਿ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੰਗ ਨੂੰ ਤਿਲਾਂਜਲੀ ਦੇ ਗਏ ਹਨ। ਜਿਸ ਕਾਰਨ ਉਨ੍ਹਾਂ ਦੀ ਪਾਰਟੀ ਹੁਣ ਅਸਲੀ ਫੈਡਰਲ ਢਾਂਚੇ ਦੇ ਪੱਖ ਵਿੱਚ ਲੋਕਾਂ ਨੂੰ ਲਾਮਬੰਦ ਕਰੇਗੀ। ਇਸੇ ਤਹਿਤ ਇਹ ਸਾਈਕਲ ਮਾਰਚ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ 22 ਜੂਨ ਨੂੰ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਕਾਲ ਤਖਤ ਸਾਹਿਬ ‘ਤੇ ਅਰਦਾਸ ਕੀਤੀ ਜਾਵੇਗੀ। ਉਸ ਤੋਂ ਬਾਅਦ ਜੱਲ੍ਹਿਆਂ ਵਾਲਾ ਬਾਗ ਦੀ ਧਰਤੀ ਨੂੰ ਨਤ-ਮਸਤਕ ਹੋ ਕੇ ਸਾਈਕਲ ਯਾਤਰਾ ਸ਼ੁਰੂ ਕੀਤੀ ਜਾਵੇਗੀ ਜਿਸ ਵਿੱਚ ਉਨ੍ਹਾਂ ਸਮੇਤ 50 ਆਗੂ ਤੇ ਵਰਕਰ ਸਾਈਕਲ ਸਵਾਰ ਸ਼ਾਮਿਲ ਹੋਣਗੇ। ਇਹ ਯਾਤਰਾ ਬਿਆਸ, ਜਲੰਧਰ,ਨਵਾਂ ਸ਼ਹਿਰ ਤੇ ਰੋਪੜ ਤੋਂ ਹੁੰਦੇ ਹੋੲੇ ਮੁੱਖ ਮੰਤਰੀ ਦੇ ਘਰ ਮੰਗ ਪੱਤਰ ਦੇਣ ਤੋਂ ਬਾਅਦ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਪਿੰਡਾਂ ਵਿੱਚੋਂ ਦੀ ਇਹ ਯਾਤਰਾ ਗੁਜ਼ਰੇਗੀ ਉਨ੍ਹਾਂ ਪਿੰਡਾਂ ਦੇ ਪੰਜਾਬ ਹਮਾਇਤੀ ਸਾਈਕਲਿਸਟ ਅਗਲੇ ਪਿੰਡ ਤੱਕ ਯਾਤਰਾ ਨੂੰ ਛੱਡ ਕੇ ਆਉਣਗੇ।
ਬੈਂਸ ਨੇ ਕਿਹਾ ਕਿ ਖੇਤੀਬਾੜੀ ਸੁਧਾਰਾਂ ਦੇ ਨਾਂ ‘ਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਵੱਡੀਆਂ ਮੁਸ਼ਕਲਾਂ ਵਿੱਚ ਪਾਉਣ ਜਾ ਰਹੀ ਹੈ ਜਿਸ ਕਾਰਨ ਹੁਣੇ ਤੋਂ ਸਮੁੱਚੇ ਪੰਜਾਬ ਨੂੰ ਜਾਗਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਜਿੱਥੇ ਬੀਜੇਪੀ ਦੇ ਦੋ ਵਿਧਾਇਕਾਂ ਨੂੰ ਛੱਡ ਕੇ ਸਾਰੇ ਵਿਧਾਇਕ ਇਕ ਮਤ ਹੋ ਕੇ ਕੇਂਦਰ ਸਰਕਾਰ ਦੀ ਕਿਸਾਨ ਵਿਰੋਧੀ ਨੀਤੀ ਖ਼ਿਲਾਫ਼ ਮਤਾ ਇਸ ਕਰਕੇ ਕੇਂਦਰ ਸਰਕਾਰ ਨੂੰ ਭੇਜਣ।
ਬੈਂਸ ਨੇ ਕਿਹਾ ਕਿ ਅਕਾਲੀ ਦਲ ਟਕਸਾਲੀ ਦੇ ਆਗੂਆਂ ਨਾਲ ਪੰਜਾਬ ਵਿੱਚ ਤੀਜੇ ਬਦਲ ਦੀ ਉਸਾਰੀ ਲਈ ਅਜੇ ਕੋਈ ਗੱਲ ਨਹੀਂ ਹੋਈ ਜੇਕਰ ਉਹ ਪਹਿਲ ਕਰਨਗੇ ਤਾਂ ਇਸ ਦਾ ਉਹ ਸਵਾਗਤ ਕਰਨਗੇ।
ਸਿੱਧੂ ਮੂਸੇਵਾਲਾ ਦੀ ਮੀਡੀਆ ਬਾਰੇ ਵਰਤੀ ਭੱਦੀ ਸ਼ਬਦਾਵਲੀ ਬਾਰੇ ਉਨ੍ਹਾਂ ਕਿਹਾ ਕਿ ਅਜਿਹੀ ਮਾੜੀ ਸ਼ਬਦਾਵਲੀ ਨਿੰਦਣਯੋਗ ਹੈ। ਸਿੱਧੂ ਮੂਸੇਵਾਲਾ ਨੇ ਜੋ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਸੀ ਉਸ ਬਾਰੇ ਪਹਿਲਾਂ ਤਾਂ ਤੁਰੰਤ ਕਾਰਵਾਈ ਸਬੰਧਤ ਪੁਲਿਸ ਵਾਲਿਆਂ ‘ਤੇ ਕਰਨੀ ਬਣਦੀ ਹੈ । ਸਿੱਧੂ ਮੂਸ਼ੇਵਾਲਾ ਨੂੰ ਵੀ ਕੇਸਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ।ਜੇਕਰ ਉਹ ਸੱਚਾ ਹੋਇਆ ਤਾਂ ਅਦਾਲਤ ਵਿੱਚੋਂ ਬਚ ਨਿਕਲੇਗਾ।
https://www.facebook.com/simarjitbains13/videos/1112386289146783/
ਪੰਜਾਬੀ ਤੇ ਅੰਗਰੇਜ਼ੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਆਪਣੇ ਫੋਨ ‘ਤੇ ਐਪ ਡਾਊਨਲੋਡ ਕਰੋ: