ਨਵੀਂ ਦਿੱਲੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਅਵਾਰਡ ਵਾਪਸ ਦੇਣ ਦੇ ਕੀਤੇ ਗਏ ਐਲਾਨ ਦੀ ਜਾਗੋ ਪਾਰਟੀ ਨੇ ਸਲਾਘਾ ਕੀਤੀ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਬਾਦਲ ਨੂੰ ‘ਫਖਰ ਏ ਕੌਮ’ ਸਨਮਾਨ ਵੀ ਵਾਪਸ ਕਰਨ ਦੀ ਸਲਾਹ ਦਿੱਤੀ ਹੈ। ਜੀਕੇ ਨੇ ਕਿਹਾ ਕਿ ਸਿੱਖ ਕੌਮ ਦੀਆਂ ਸੰਸਥਾਵਾਂ ਦੀ ਤਬਾਹੀ ਦੇ ਜ਼ਿੰਮੇਦਾਰ ਬਾਦਲ ਨੂੰ ‘ਫਖਰ ਏ ਕੌਮ’ ਕਹਾਉਣ ਦਾ ਹੱਕ ਨਹੀਂ ਹੈ।
ਮਨਜੀਤ ਸਿੰਘ ਜੀਕੇ ਨੇ ਕਿਹਾ ਕਿਸਾਨਾਂ ਦੀ ਤਬਾਹੀ ਉੱਤੇ ਦਸਤਖਤ ਕਰਨ ਵਾਲੇ ਬਾਦਲ ਪਰਿਵਾਰ ਉੱਤੇ ਹੁਣ ਕਿਸਾਨ ਵਿਸ਼ਵਾਸ ਨਹੀਂ ਕਰਨਗੇ ਬੇਸ਼ੱਕ ਇਹ ਪਦਮ ਵਿਭੂਸ਼ਣ ਵਾਪਸ ਕਰ ਦੇਣ। ਪਹਿਲਾਂ ਪੰਜਾਬ ਵਿੱਚ ਸਰਕਾਰ ਵਿੱਚ ਰਹਿੰਦੇ ਹੋਏ ਬਾਦਲ ਨੇ ਡੇਰਿਆਂ ਨੂੰ ਅੱਖ ਬੰਦ ਕਰਕੇ ਸਮਰਥਨ ਦੇਕੇ ਸਿੱਖ ਪੰਥ ਦਾ ਨੁਕਸਾਨ ਕੀਤਾ ਸੀ। ਡੇਰਾ ਸਿਰਸਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਦਿਵਾਈ ਸੀ। ਸਿੱਖ ਨੌਜਵਾਨਾਂ ਨੂੰ ਮਾਰਨ ਵਾਲੇ ਸੁਮੇਧ ਸੈਨੀ ਨੂੰ ਡੀਜੀਪੀ ਬਣਾਇਆ ਅਤੇ ਇਜਹਾਰ ਆਲਮ ਦੀ ਪਤਨੀ ਨੂੰ ਵਿਧਾਨ ਸਭਾ ਚੋਣ ਵਿੱਚ ਅਕਾਲੀ ਦਲ ਦੀ ਟਿਕਟ ਦਿੱਤੀ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾ ਦੇਣ ਦੀ ਜਗ੍ਹਾ ਨਿਰਦੋਸ਼ ਸਿੱਖਾਂ ਉੱਤੇ ਗੋਲੀਆਂ ਚਲਾਈਆਂ। ਇਸ ਲਈ ਬਾਦਲ ਨੂੰ ਤੁਰੰਤ ‘ਫਖਰ ਏ ਕੌਮ’ ਸਨਮਾਨ ਵਾਪਸ ਕਰਨਾ ਚਾਹੀਦਾ ਹੈ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਪਾਸੋਂ ਮਿਲਿਆ ਸੀ। ਜੇਕਰ ਬਾਦਲ ਸਨਮਾਨ ਵਾਪਸ ਨਹੀਂ ਕਰਦੇ ਤਾਂ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਾਦਲ ਤੋਂ ਸਨਮਾਨ ਵਾਪਸ ਲੈਣ ਦਾ ਐਲਾਨ ਕਰਨਾ ਚਾਹੀਦਾ ਹੈ।