ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਦੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਨੌਜਵਾਨਾਂ ਦਾ ਆਰਥਿਕ ਮਿਆਰ ਉੱਚਾ ਚੁੱਕਣ ਲਈ ਸਾਲ 2020-2021 ਦੌਰਾਨ 1127.75 ਲੱਖ ਰੁਪਏ ਦਾ ਕਰਜ਼ਾ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਹੈ।
ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਪੰਜਾਬ ਪਛੜੀਆਂ ਸ਼੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋਂ) ਨੇ ਸਾਲ 2020-21 ਦੌਰਾਨ ਐਨ.ਬੀ.ਸੀ. ਸਕੀਮ ਅਧੀਨ 751 ਲਾਭਪਾਤਰੀਆਂ ਨੂੰ 1127.75 ਲੱਖ ਰੁਪਏ ਕਰਜ਼ਾ ਵੰਡਣ ਦਾ ਟੀਚਾ ਮਿੱਥਿਆ ਹੈ। ਇਸੇ ਤਹਿਤ 31 ਜੁਲਾਈ, 2020 ਤੱਕ 65 ਲਾਭਪਾਤਰੀਆਂ ਨੂੰ 109.60 ਲੱਖ ਰੁਪਏ ਦੇ ਕਰਜੇ ਵੰਡੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਸਿੱਧਾ ਕਰਜ਼ਾ ਸਕੀਮ ਅਧੀਨ 3 ਲਾਭਪਾਤਰੀਆਂ ਨੂੰ 5.50 ਲੱਖ ਰੁਪਏ ਦੇ ਕਰਜੇ ਵੰਡੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਕਾਰਪੋਰੇਸ਼ਨ ਵੱਲੋਂ ਸਾਲ 2016-17 ਤੋਂ ਸਾਲ 2019-2020 ਤੱਕ ਸਿੱਧਾ ਕਰਜ਼ਾ ਸਕੀਮ, ਐਨ.ਬੀ.ਸੀ. ਸਕੀਮ ਅਤੇ ਐਨ.ਐਮ.ਡੀ. ਸਕੀਮ ਤਹਿਤ ਕੁੱਲ 1459 ਲਾਭਪਾਤਰੀਆਂ ਨੂੰ 2433.86 ਲੱਖ ਦੇ ਕਰਜੇ ਲੋੜਵੰਦ ਨੌਜਵਾਨਾਂ ਨੂੰ ਵੰਡੇ ਜਾ ਚੁੱਕੇ ਹਨ।
ਮੰਤਰੀ ਨੇ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਸੂਬੇ ਦੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਨੌਜਵਾਨਾਂ ਨੂੰ ਸਸਤੀਆਂ ਦਰਾਂ ’ਤੇ ਕਰਜ਼ਾ ਮੁਹੱਈਆ ਕਰਵਾਏ ਜਾ ਰਹੇ ਹਨ। ਉਨਾਂ ਕਿਹਾ ਕਿ ਸਿਖਲਾਈ ਪ੍ਰਾਪਤ ਨੌਜਵਾਨ ਇਸ ਸਕੀਮ ਦਾ ਲਾਭ ਲੈ ਸਕਦੇ ਹਨ ਅਤੇ ਆਪਣਾ ਕਿੱਤਾ ਸ਼ੁਰੂ ਕਰਕੇ ਆਪਣਾ ਆਰਥਿਕ ਵਿਕਾਸ ਕਰ ਸਕਦੇ ਹਨ। ਉਨਾਂ ਦੱਸਿਆ ਕਿ ਬੈਕਫਿੰਕੋਂ ਵੱਲੋਂ ਪਛੜੀਆਂ ਸ਼੍ਰੇਣੀਆਂ ਵਰਗ ਦੇ ਨੌਜਵਾਨਾਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਲਈ ਵੀ ਕਰਜ਼ੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਕੀਮ ਤਹਿਤ ਵਿਦਿਆਰਥੀ ਪੜਾਈ ਕਰਨ ਲਈ 4 ਫੀਸਦੀ ਵਿਆਜ ਦੀ ਦਰ ’ਤੇ ਕਰਜ਼ਾ ਲੈ ਸਕਦੇ ਹਨ। ਲੜਕੀਆਂ ਲਈ ਵਿਆਜ ਦੀ ਦਰ 3.5 ਫੀਸਦੀ ਸਲਾਨਾ ਹੈ।
ਧਰਮਸੋਤ ਨੇ ਅੱਗੇ ਦੱਸਿਆ ਕਿ ਕਰਜ਼ੇ ਦੀ ਵਾਪਸੀ ਕੋਰਸ ਖਤਮ ਹੋਣ ਤੋ 6 ਮਹੀਨੇ ਬਾਅਦ ਮਹੀਨਾਵਾਰ ਕਿਸ਼ਤਾਂ ਵਿੱਚ 5 ਸਾਲਾਂ ਵਿੱਚ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਪੜਾਈ ਲਈ 20 ਲੱਖ ਰੁਪਏ ਤੱਕ ਦਾ ਕਰਜ਼ਾ ਮੁਹੱਈਆਂ ਕਰਨ ਦਾ ਉਪਬੰਧ ਵੀ ਕੀਤਾ ਗਿਆ ਹੈ। ਉਨਾਂ ਕਿਹਾ ਕਿ ਬੈਕਫਿੰਕੋਂ ਤੋਂ ਕਰਜ਼ਾ ਲੈਣ ਲਈ ਮੁੱਖ ਯੋਗਤਾਵਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ। ਉਨਾਂ ਦੱਸਿਆ ਕਿ ਕਿੱਤਾਮੁਖੀ ਸਿਖਲਾਈ ਪ੍ਰਾਪਤ ਨੌਜਵਾਨਾਂ ਨੂੰ ਕਰਜ਼ੇ ਦੇਣ ਸਮੇਂ ਪਹਿਲ ਦਿੱਤੀ ਜਾਵੇਗੀ।