ਨਿਊਜ਼ ਡੈਸਕ: : ਕਜ਼ਾਕਿਸਤਾਨ ਵਿੱਚ ਬੁੱਧਵਾਰ ਨੂੰ ਇੱਕ ਵੱਡਾ ਜਹਾਜ਼ ਹਾਦਸਾ ਵਾਪਰ ਗਿਆ। ਇੱਥੇ ਅਜ਼ਰਬਾਈਜਾਨ ਏਅਰਲਾਈਨਜ਼ ਦਾ ਯਾਤਰੀ ਜਹਾਜ਼ ਲੈਂਡਿੰਗ ਦੌਰਾਨ ਕਰੈਸ਼ ਹੋ ਗਿਆ। ਅਜ਼ਰਬਾਈਜਾਨ ਏਅਰਲਾਈਨਜ਼ ਦਾ Embraer E190AR ਜਹਾਜ਼ ਬਾਕੂ ਤੋਂ ਚੇਚਨੀਆ, ਰੂਸ ਜਾ ਰਿਹਾ ਸੀ। ਜਹਾਜ਼ ‘ਚ 67 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ30 ਦੇ ਲਗਭਗ ਲੋਕ ਵਾਲ-ਵਾਲ ਬਚਣ ‘ਚ ਕਾਮਯਾਬ ਰਹੇ।
ਸਥਾਨਕ ਅਧਿਕਾਰੀਆਂ ਅਤੇ ਘਟਨਾ ਸਥਾਨ ਤੋਂ ਪ੍ਰਾਪਤ ਵੀਡੀਓ ਦੇ ਅਨੁਸਾਰ, ਕੈਸਪੀਅਨ ਸਾਗਰ ਦੇ ਤੱਟ ‘ਤੇ ਕਜ਼ਾਕਿਸਤਾਨ ਦੇ ਅਕਤਾਊ ਸ਼ਹਿਰ ਦੇ ਨੇੜੇ ਹੋਏ ਜਹਾਜ਼ ਹਾਦਸੇ ਵਿੱਚ ਮੁਸਤੈਦੀ ਨਾਲ ਬਚਾਓ ਕਰਮਚਾਰੀਆਂ ਵਲੋਂ ਕੀਤੇ ਗਏ ਕੰਮ ਕਾਰਨ ਬਹੁਤ ਸਾਰੇ ਲੋਕਾਂ ਨੂੰ ਬਚਾ ਲਿਆ ਗਿਆ।
ਸਥਾਨਕ ਮੀਡੀਆ ਨੇ ਘਟਨਾ ਸਥਾਨ ਦੀ ਫੁਟੇਜ ਜਾਰੀ ਕੀਤੀ ਹੈ, ਜਿਸ ਵਿੱਚ ਕੁਝ ਲੋਕ ਘਟਨਾ ਸਥਾਨ ‘ਤੇ ਜਿੰਦਾ ਨਜ਼ਰ ਆਏ। ਇੱਕ ਔਰਤ ਗਹਿਰੇ ਸਦਮੇ ਦੀ ਹਾਲਤ ਵਿੱਚ ਨਜ਼ਰ ਆਈ ਹੈ ਅਤੇ ਉਸ ਨੂੰ ਕੋਈ ਵੱਡੀ ਸੱਟ ਨਹੀਂ ਲੱਗੀ। ਉਸ ਨੂੰ ਜਹਾਜ਼ ‘ਚੋਂ ਬਾਹਰ ਕੱਢਿਆ ਗਿਆ ਅਤੇ ਉਹ ਦਰਦ ਨਾਲ ਚੀਕਦੀ ਨਜ਼ਰ ਆ ਰਹੀ ਸੀ। ਕਲਿੱਪ ਵਿੱਚ ਇੱਕ ਆਦਮੀ ਵੀ ਲੰਗੜਾ ਕੇ ਤੁਰਦਾ ਨਜ਼ਰ ਆ ਰਿਹਾ ਸੀ, ਪਰ ਉਸਨੂੰ ਕੋਈ ਹੋਰ ਸੱਟਾਂ ਨਹੀਂ ਲੱਗੀਆਂ।
ਹਾਦਸੇ ਦੇ ਤੁਰੰਤ ਬਾਅਦ ਫਾਇਰ ਅਤੇ ਬਚਾਅ ਟੀਮ ਨੇ ਕੰਮ ਸੰਭਾਲ ਲਿਆ ਅਤੇ ਜਹਾਜ਼ ਵਿੱਚ ਲੱਗੀ ਅੱਗ ਨੂੰ ਬੁਝਾਇਆ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਮੁੱਢਲੀ ਜਾਂਚ ਦਾ ਹਵਾਲਾ ਦਿੰਦੇ ਹੋਏ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਇਹ ਹਾਦਸਾ ਪੰਛੀਆਂ ਦੇ ਟਕਰਾਉਣ ਕਾਰਨ ਵਾਪਰਿਆ ਹੈ। ਨਿਊਜ਼ ਆਊਟਲੈੱਟ ਓਰਡਾ ਨੇ ਗਵਾਹਾਂ ਦੇ ਹਵਾਲੇ ਨਾਲ ਕਿਹਾ ਕਿ ਪੰਛੀ ਜਹਾਜ਼ ਦੇ ਇਕ ਇੰਜਣ ‘ਚ ਵੱਜੇ ਸਨ, ਜਿਸ ਕਾਰਨ ਆਕਸੀਜਨ ਸਿਲੰਡਰ ਫਟ ਗਿਆ ਤੇ ਜਹਾਜ਼ ਕਰੈਸ਼ ਹੋਣ ਤੋਂ ਪਹਿਲਾਂ ਹੀ ਕਈ ਯਾਤਰੀ ਬੇਹੋਸ਼ ਹੋ ਗਏ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।