ਆਸਟ੍ਰੇਲੀਆ ਨੇ ਭਾਰਤੀ ਵੈਕਸੀਨ ਕੋਵੀਸ਼ੀਲਡ ਨੂੰ ਦਿੱਤੀ ਮਾਣਤਾ
ਮੈਲਬੌਰਨ (ਖੁਸ਼ਪ੍ਰੀਤ ਸਿੰਘ ਸੁਨਾਮ) : ਆਸਟ੍ਰੇਲੀਆ ਸਰਕਾਰ ਨੇ ਲੰਮੇ ਸਮੇਂ ਤੋ ਬੰਦ ਪਈ ਅੰਤਰਰਾਸ਼ਟਰੀ ਹਵਾਈ ਯਾਤਰਾ ਤੋਂ ਪਾਬੰਦੀ ਹਟਾੳਣ ਦਾ ਫ਼ੈਸਲਾ ਲਿਆ ਹੈ।ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾੱਟ ਮਾਰੀਸਨ ਨੇ ਇੱਕ ਪ੍ਰੈੱਸ ਮਿਲਣੀ ਦੌਰਾਨ ਇਹ ਜਾਣਕਾਰੀ ਦਿੱਤੀ। ਮੋਰਿਸਨ ਨੇ ਕਿਹਾ ਕਿ ਹੁਣ ਉਹ ਸਮਾਂ ਆ ਗਿਆ ਕਿ ਲੋਕ ਮੁੜ ਤੋਂ ਪਹਿਲਾਂ ਵਾਲੀ ਜ਼ਿੰਦਗੀ ਜੀਅ ਸਕਣ ।
ਮਾਰੀਸਨ ਨੇ ਕਿਹਾ ਕਿ ਅੰਤਰਰਾਸ਼ਟਰੀ ਹਵਾਈ ਯਾਤਰਾ ਨੂੰ ਨਵੰਬਰ ਵਿਚ ਸ਼ੂਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ ਉਦੋਂ ਤੱਕ ਆਸਟ੍ਰੇਲੀਆ ਕੋਵਿਡ ਟੀਕਾਕਰਣ ਦੇ ਆਪਣੇ ਅੱਸੀ ਪ੍ਰਤੀਸ਼ਤ ਟੀਚੇ ਤੱਕ ਵੀ ਪਹੁੰਚ ਜਾਵੇਗਾ। ਮਾਰੀਸਨ ਨੇ ਕਿਹਾ ਕਿ ਹਵਾਈ ਯਾਤਰਾ ਨੂੰ ਲੈ ਕੇ ਨਵੇਂ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ ਜੋੋ ਕਿ ਆਉਂਦੇ ਦਿਨਾਂ ਵਿੱਚ ਲਾਗੂ ਹੋਣਗੇ ਜਿਸ ਦੇ ਲਈ ਇੱਕ ਖਾਕਾ ਤਿਆਰ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਦੇਸ਼ ਪਰਤਣ ਵਾਲੇ ਆਸਟ੍ਰੇਲੀਆਈ ਨਾਗਰਿਕਾਂ ਤੇ ਸਥਾਈ ਨਾਗਰਿਕਾਂ ਨੂੰ ਆਸਟ੍ਰੇਲੀਆ ਆਉਣ ਤੇ ਆਪਣੇ ਘਰ ਵਿੱਚ ਹੀ ਸੱਤ ਦਿਨਾਂ ਦੇ ਲਈ ਇਕਾਂਤਵਾਸ ਕਰਨ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋ ਪਹਿਲਾਂ ਹੋਟਲ ਜਾਂ ਸਰਕਾਰ ਵਲੋਂ ਅਧਿਕਾਰਤ ਸਥਾਨ ‘ਤੇ ਹੀ 14 ਦਿਨਾਂ ਦਾ ਇਕਾਂਤਵਾਸ ਕੀਤਾ ਜਾਂਦਾ ਸੀ। ਆਉਦੇ ਦਿਨਾਂ ਵਿੱਚ ਨਿਊ ਸਾਊਥ ਵੇਲਜ਼ (NSW) ਤੇ ਸਾਊਥ ਆਸਟ੍ਰੇਲੀਆ ਇਸ ਬਾਬਤ ਇੱਕ ਪਰੀਖਣ ਵੀ ਸ਼ੂਰੂ ਕਰਨ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਆਸਟ੍ਰੇਲੀਆ ਆਉਣ ਵਾਲੇ ਤੇ ਆਸਟ੍ਰੇਲੀਆ ਤੋ ਜਾਣ ਵਾਲੇ ਨਾਗਰਿਕਾਂ ਨੂੰ ਆਸਟ੍ਰੇਲੀਆ ਵਲੋਂ ਮਾਣਤਾ ਪ੍ਰਾਪਤ ਵੈਕਸੀਨ ਲਵਾਉਣੀ ਜ਼ਰਰੀ ਹੋਵੇਗੀ ਤੇ ਇਸ ਦਾ ਸਬੂਤ ਵੀ ਆਪਣੇ ਕੋਲ ਰੱਖਣਾ ਹੋਵੇਗਾ। ਮਾਰੀਸਨ ਨੇ ਭਾਰਤ ਦੀ ਵੈਕਸੀਨ ਕੋਵੀਸ਼ੀਲਡ ਨੂੰ ਆਸਟ੍ਰੇਲੀਆ ਵਿੱਚ ਮਾਣਤਾ ਦੇਣ ਦਾ ਵੀ ਐਲਾਨ ਕੀਤਾ ਹੈ।ਆਸਟ੍ਰੇਲੀਆ ਵਲੋਂ ਕਈ ਦੇਸ਼ ਦੀਆਂ ਵੈਕਸੀਨਾਂ ਨੂੰ ਆਸਟ੍ਰੇਲੀਆ ਵਿੱਚ ਮਾਨਤਾ ਦਿੱਤੀ ਜਾ ਚੁੱਕੀ ਹੈ।
ਜਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਵੱਡੇ ਸ਼ਹਿਰ ਸਿਡਨੀ ਅਤੇ ਮੈਲਬੌਰਨ ਸਖ਼ਤ ਪਾਬੰਦੀਆ ਹੇਠ ਚਲ ਰਹੇ ਹਨ ਜਦੋ ਕਿ ਮੈਲਬੌਰਨ ਵਿੱਚ ਤਾਂ ਅਜੇ ਵੀ ਰਾਤ ਦਾ ਕਰਫਿਊ ਬਰਕਰਾਰ ਹੈ ਕਿਉਕਿ ਨਿੱਤ ਦਿਨ ਕਰੋਨਾ ਦੇ ਵਧ ਰਹੇ ਕੇਸਾਂ ਦੀ ਗਿਣਤੀ ਦੇ ਚਲਦਿਆਂ ਸਰਕਾਰ ਵਲੋ ਟੀਕਾਕਰਨ ਦਾ ਟੀਚਾ ਹਾਸਲ ਕਰ ਕੇ ਹੀ ਇਨਾਂ ਪਾਬੰਦੀਆਂ ਨੂੰ ਹਟਾਇਆ ਜਾਵੇਗਾ ਤੇ ਦੇਸ਼ ਅਤੇ ਅੰਤਰਰਾਸ਼ਟਰੀ ਸਰਹੱਦਾਂ ਨੂੰ ਖੋਲਿਆ ਜਾਵੇਗਾ। ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਵਿਚ ਫਸੇ ਹਜ਼ਾਰਾਂ ਲੋਕ ਅੱਜ ਵੀ ਵਾਪਸ ਪਰਤਣ ਦਾ ਇੰਤਜ਼ਾਰ ਕਰ ਰਹੇ ਹਨ ।