ਕਾਬੁਲ : ਅਫ਼ਗਾਨਿਸਤਾਨ ‘ਚ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਦੇ ਕਾਫਲੇ ‘ਤੇ ਅਣਪਛਾਤਿਆਂ ਵੱਲੋਂ ਹਮਲਾ ਕੀਤਾ ਗਿਆ, ਜਿਸ ‘ਚ ਪੰਜ ਲੋਕਾਂ ਦੀ ਮੌਤ ਹੋ ਗਈ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੂੰ ਕਾਬੁਲ ਤੋਂ ਪੂਰਬ ਵੱਲ ਲੈ ਕੇ ਜਾ ਰਹੇ ਇਕ ਕਾਫਲੇ ‘ਤੇ ਹਮਲਾ ਹੋਇਆ। ਜਿਸ ਵਿੱਚ ਅਫ਼ਗਾਨੀ ਪੁਲੀਸ ਦੇ ਪੰਜ ਮੁਲਾਜ਼ਮ ਮਾਰੇ ਗਏ ਹਨ। ਹਾਲਾਂਕਿ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਅਫ਼ਗਾਨਿਸਤਾਨ ‘ਚ ਸੰਯੁਕਤ ਰਾਸ਼ਟਰ ਸਹਾਇਤਾ ਅਭਿਆਨ ਨੇ ਵੀ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ ਇਸ ਘਟਨਾ ਦੀ ਸੰਯੁਕਤ ਰਾਸ਼ਟਰ ਨੇ ਨਿਖੇਧੀ ਵੀ ਕੀਤੀ ਹੈ। ਇਸ ਹਮਲੇ ਨੂੰ ਅੰਜਾਮ ਅਣਪਛਾਤਿਆਂ ਵੱਲੋਂ ਦਿੱਤਾ ਗਿਆ। ਫਿਲਹਾਲ ਹਾਲੇ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ।