ਯੰਗੂਨ: ਮਿਆਂਮਾਰ ‘ਚ ਤਖਤਾਪਲਟ ਤੋਂ ਬਾਅਦ ਫੌਜ ਦੇ ਖਿਲਾਫ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਹਿੰਸਾ ਜਾਰੀ ਹੈ। ਮਿਆਂਮਾਰ ਦੀ ਫ਼ੌਜ ਨੇ ਉਸ ਵੇਲੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਲੋਕਤੰਤਰ ਦੀ ਬਹਾਲੀ ਦੀ ਮੰਗ ਕਰ ਰਹੇ ਮੁਜ਼ਾਹਰਾਕਾਰੀਆਂ ‘ਤੇ ਗੋਲੀਆਂ ਵਰ੍ਹਾਈਆਂ ਗਈਆਂ। ਇਸ ‘ਚ 90 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਤਖ਼ਤਾ ਪਲਟ ਦੇ ਵਿਰੋਧ ‘ਚ ਇਕ ਫਰਵਰੀ ਤੋਂ ਜਾਰੀ ਪ੍ਰਦਰਸ਼ਨਾਂ ‘ਚ ਹੁਣ ਤਕ 400 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਦੱਸਣਯੋਗ ਹੈ ਕਿ ਸਰਕਾਰੀ ਟੈਲੀਵਿਜ਼ਨ ਨੇ ਸ਼ੁੱਕਰਵਾਰ ਨੂੰ ਆਗਾਹ ਕੀਤਾ ਸੀ ਕਿ ਪ੍ਰਦਰਸ਼ਨਕਾਰੀਆਂ ਨੂੰ ਗੋਲੀ ਮਾਰੀ ਜਾ ਸਕਦੀ ਹੈ। ਇਸ ਚਿਤਾਵਨੀ ਦੀ ਪਰਵਾਹ ਕੀਤੇ ਬਿਨਾਂ ਵੱਡੀ ਗਿਣਤੀ ‘ਚ ਮੁਜ਼ਾਹਰਾਕਾਰੀ ਯੰਗੂਨ ਤੇ ਮਾਂਡਲੇ ਸਮੇਤ ਦੋ ਦਰਜਨ ਤੋਂ ਜ਼ਿਆਦਾ ਸ਼ਹਿਰਾਂ ਦੀਆਂ ਸੜਕਾਂ ‘ਤੇ ਉਤਰ ਗਏ। ਮਿਆਂਮਾਰ ਨਾਓ ਨਿਊਜ਼ ਪੋਰਟਲ ਮੁਤਾਬਕ ਦੇਸ਼ ਭਰ ‘ਚ ਸੁਰੱਖਿਆ ਬਲਾਂ ਦੀ ਫਾਇਰਿੰਗ ‘ਚ 91 ਲੋਕਾਂ ਦੀ ਜਾਨ ਗਈ ਹੈ।
ਮਿਆਂਮਾਰ ‘ਚ ਤਖ਼ਤਾ ਪਲਟ ਕਰ ਕੇ ਸੱਤਾ ‘ਤੇ ਕਾਬਜ਼ ਹੋਣ ਵਾਲੀ ਫ਼ੌਜ ‘ਤ ਕੌਮਾਂਤਰੀ ਦਬਾਅ ਵੱਧਦਾ ਜਾ ਰਿਹਾ ਹੈ। ਅਮਰੀਕਾ ਤੇ ਯੂਰਪੀ ਯੂਨੀਅਨ ਨੇ ਇਸ ਦੇਸ਼ ਦੀ ਫ਼ੌਜ ਦੇ ਉੱਚ ਅਧਿਕਾਰੀਆਂ ਤੇ ਫ਼ੌਜ ਨਾਲ ਜੁੜੀਆਂ ਕਈ ਕੰਪਨੀਆਂ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ।