ਨਵੀਂ ਦਿੱਲੀ: ਅਸਾਮ ਦੇ ਤਾਮੂਲਪੁਰ ਵਿੱਚ ਇੱਕ ਸੜਕ ਹਾਦਸੇ ਵਿੱਚ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸੈਨਿਕ ਟ੍ਰੇਨਿੰਗ ਕਰ ਰਹੇ ਸਨ। ਘਟਨਾ ਸਵੇਰੇ ਕਰੀਬ 9:40 ਵਜੇ ਦੀ ਹੈ । ਇੱਥੇ ਦਰਾਂਗਾ ਫੀਲਡ ਫਾਇਰਿੰਗ ਰੇਂਜ (DFFR) ਵਿੱਚ ਟ੍ਰੇਨਿੰਗ ਗਤੀਵਿਧੀਆਂ ਕਰ ਰਹੇ ਫੌਜ ਦੀ ਇੱਕ ਗੱਡੀ ਇੱਕ ਐਂਬੂਲੈਂਸ ਨਾਲ ਟਕਰਾ ਗਈ।ਇਹ ਘਟਨਾ ਤਾਮੂਲਪੁਰ ਤੋਂ 10 ਕਿਲੋਮੀਟਰ ਅੱਗੇ ਦੀ ਹੈ। ਫੌਜ ਵੱਲੋਂ ਦੱਸਿਆ ਗਿਆ ਹੈ ਕਿ ਇਸ ਘਟਨਾ ਵਿੱਚ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਇਲਾਜ ਲਈ ਬੇਸ ਹਸਪਤਾਲ ਗੁਹਾਟੀ ਲਿਜਾਇਆ ਗਿਆ ਜਿੱਥੇ ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਅਤੇ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਘਟਨਾ ਵਿੱਚ ਮਾਰਿਆ ਗਿਆ ਲਾਂਸ ਨਾਇਕ ਪ੍ਰਬੀਨ ਤਮਾਂਗ ਪੱਛਮੀ ਬੰਗਾਲ ਦੇ ਦਾਰਜੀਲਿੰਗ ਦਾ ਰਹਿਣ ਵਾਲਾ ਸੀ।